Captain sent Rakhi Shagun : ਕਹਿੰਦੇ ਹਨ ਕੁਝ ਰਿਸ਼ਤੇ ਖੂਨ ਦੇ ਰਿਸ਼ਤਿਆਂ ਨਾਲੋਂ ਉਪਰ ਹੁੰਦੇ ਹਨ, ਜੋਕਿ ਦਿਲ ਨਾਲ ਬਣਦੇ ਹਨ। ਅਜਿਹਾ ਹੀ ਕੁਝ ਰਿਸ਼ਤਾ ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ 5 ਸਾਲਾ ਟਿਕਟੌਕ ਸਟਾਰ ਨੂਰਪ੍ਰੀਤ ਕੌਰ ਨਾਲ ਬਣ ਗਿਆ ਹੈ, ਜੋਕਿ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਮੁੱਖ ਮੰਤਰੀ ਹਸਪਤਾਲ ਦੇ ਡਾਕਟਰ ਦੇ ਫੋਨ ‘ਤੇ ਨੂਰ ਨਾਲ ਗੱਲਬਾਤ ਕਰਕੇ ਉਸ ਦਾ ਹਾਲ-ਚਾਲ ਪੁੱਛਿਆ ਤੇ ਉਸ ਵੱਲੋਂ ਭੇਜੀ ਰੱਖੜੀ ਲਈ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਨੂਰ ਲਈ ਡਾਕਟਰਾਂ ਦੇ ਹੱਥ ਰੱਖੜੀ ਦਾ ਸ਼ਗਨ ਵੀ ਭੇਜਿਆ ਤੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਨੂਰ ਆਪਣੇ ਪਿਤਾ ਨਾਲ ਛੇਤੀ ਤੋਂ ਛੇਤੀ ਸਿਹਤਮੰਦ ਹੋ ਕੇ ਘਰ ਪਹੁੰਚੇ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਲਿਟਲ ਸਟਾਰ ਨੂੰ ਮਿਲਣ ਦੇ ਚਾਹਵਾਨ ਹਨ ਅਤੇ ਚਾਹੁੰਦੇ ਹਨ ਕਿ ਉਹ ਪਹਿਲਾਂ ਵਾਂਗ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਮਨੋਰੰਜਨ ਕਰਦੀ ਰਹੇ। ਇਸ ਮੌਕੇ ਮੁੱਖ ਮੰਤਰੀ ਨੇ ਡਾਕਟਰਾਂ ਨੂੰ ਨੂਰ ਦਾ ਪੂਰੀ ਤਰ੍ਹਾਂ ਧਿਆਨ ਰਖਣ ਲਈ ਕਿਹਾ। ਦੱਸਣਯੋਗ ਹੈ ਕਿ ਐਤਵਾਰ ਨੂੰ ਨੂਰ ਤੇ ਉਸ ਦੇ ਪਿਤਾ ਦੀ ਭਿੰਡਰ ਕਲਾਂ ਮੋਗਾ ਤੋਂ ਰਿਪੋਰਟ ਪਾਜ਼ੀਟਿਵ ਆਈ ਸੀ। ਉਸ ਨੂੰ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਰੱਖੜੀ ਦੇ ਸਮਾਗਮ ਲਈ ਬੁਲਾਇਆ ਗਿਆ ਸੀ ਅਤੇ ਨੂਰ ਨੇ ਮੁੱਖ ਮੰਤਰੀ ਨੂੰ ਰੱਖੜੀ ਬੰਨ੍ਹਣੀ ਸੀ।