Captain sets target for immunization : ਚੰਡੀਗੜ : ਪੰਜਾਬ ਵਿੱਚ ਕੋਵਿਡ ਪਾਜ਼ੇਟਿਵਿਟੀ ਅਤੇ ਮਾਮਲਿਆਂ ਵਿੱਚ ਮੌਤ ਦੀ ਦਰ ਬੀਤੇ ਹਫਤੇ ਕ੍ਰਮਵਾਰ 7.7 ਅਤੇ 2 ਫੀਸਦੀ ਤੱਕ ਪਹੁੰਚ ਜਾਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਿਹਤ ਵਿਭਾਗ ਨੂੰ ਟੀਕਾਕਰਨ ਮੁਹਿੰਮ ਵਿੱਚ ਵਾਧਾ ਕਰਦੇ ਹੋਏ ਪ੍ਰਤੀ ਦਿਨ 2 ਲੱਖ ਮਰੀਜਾਂ ਦਾ ਟੀਕਾਕਰਨ ਕੀਤੇ ਜਾਣ ਦੇ ਹੁਕਮ ਦਿੱਤੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਕਿ ਹਰੇਕ ਪਾਜ਼ੀਟਿਵ ਮਰੀਜ਼ ਪਿੱਛੇ 30 ਵਿਅਕਤੀਆਂ ਦੀ ਹੱਦ ਤੱਕ ਸੰਪਰਕ ਟ੍ਰੇਸਿੰਗ ਕੀਤੀ ਜਾਵੇ ਅਤੇ ਸੈਂਪਲਿੰਗ ਦੀ ਗਿਣਤੀ ਪ੍ਰਤੀ ਦਿਨ 50,000 ਤੱਕ ਵਧਾਈ ਜਾਵੇ।
ਕੋਵਿਡ ਮਾਮਲਿਆਂ ਵਿੱਚ ਮੌਤ ਦੀ ਦਰ ਵਧਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਇਨ੍ਹਾਂ ਮੌਤਾਂ ਕਰਕੇ ਉਨਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ ਅਤੇ ਇਨ੍ਹਾਂ ਵਿੱਚੋਂ ਕਈ ਮੌਤਾਂ ਤਾਂ ਵਕਤ ਰਹਿੰਦਿਆਂ ਇਲਾਜ ਨਾਲ ਟਾਲੀਆਂ ਜਾ ਸਕਦੀਆਂ ਸਨ। ਉਨ੍ਹਾਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਇਕ ਵਿਆਪਕ ਜਨ ਚੇਤਨਾ ਮੁਹਿੰਮ ਚਲਾਈ ਜਾਵੇ ਅਤੇ ਲੋਕਾਂ ਨੂੰ ਸ਼ੁਰੂਆਤੀ ਦੌਰ ਮੌਕੇ ਹੀ ਹਸਪਤਾਲਾਂ ਵਿਖੇ ਮੁਆਇਨੇ ਲਈ ਜਾਣ ਹਿੱਤ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਹਸਪਤਾਲਾਂ ਵਿੱਚ ਸਿਹਤ ਸਬੰਧੀ ਸੁਵਿਧਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਕੀਤੇ ਜਾਣ ਦੀ ਵੀ ਲੋੜ ਹੈ ਅਤੇ ਲੋੜੀਂਦੀਆਂ ਸਹੂਲਤਾਂ ਵਾਲੇ ਮਨਜ਼ੂਰਸ਼ੁਦਾ ਹਸਪਤਾਲਾਂ ਦੀ ਸੂਚੀ ਵੀ ਜਨਤਕ ਕਰ ਦਿੱਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹੋਈਆਂ ਮੌਤਾਂ ਦਾ ਆਡਿਟ ਸਭ ਜ਼ਿਲਿਆਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਨਾਂ ਨਿਜੀ ਸੰਸਥਾਨਾਂ ਵੱਲੋਂ ਮਾਹਿਰਾਂ ਨਾਲ ਸਮੂਹਿਕ ਵਿਚਾਰ ਵਟਾਂਦਰੇ ਵਿੱਚ ਹਿੱਸਾ ਨਹੀਂ ਲਿਆ ਗਿਆ ਉਨਾਂ ਨੂੰ ਅਜਿਹਾ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਣੀ ਚਾਹੀਦੀ ਹੈ। ਸਿਹਤ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਸੂਚਿਤ ਕੀਤਾ ਗਿਆ ਸੀ ਕਿ ਪੀ.ਜੀ.ਆਈ. ਵੱਲੋਂ ਪੰਜਾਬ ਦੇ ਮਰੀਜਾਂ ਨੂੰ ਸਹੀ ਮਾਧਿਅਮ ਰਾਹੀਂ ਰੈਫ਼ਰ ਕੀਤੇ ਜਾਣ ਦੇ ਬਾਵਜੂਦ ਵੀ ਦਾਖਲ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਇਸ ’ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੱਲ ਦੀ ਵੀਡੀਓ ਕਾਨਫਰੰਸਿੰਗ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਕੋਲ ਇਹ ਮਾਮਲਾ ਉਠਾਉਣਗੇ ਅਤੇ ਉਨਾਂ ਨੂੰ ਬੇਨਤੀ ਕਰਨਗੇ ਕਿ ਉਹ ਪੀ.ਜੀ.ਆਈ. ਨੂੰ ਸੂਬਾ ਸਰਕਾਰ ਦੁਆਰਾ ਰੈਫਰ ਕੀਤੇ ਮਰੀਜਾਂ ਲਈ ਘੱਟੋ-ਘੱਟ 50 ਆਈ.ਸੀ.ਯੂ. ਬੈੱਡ ਰਾਖਵੇਂ ਰੱਖਣ ਲਈ ਨਿਰਦੇਸ਼ ਦੇਣ।
ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮੈਡੀਕਲ ਮਾਹਰਾਂ ਨਾਲ ਹਫ਼ਤਾਵਾਰੀ ਕੋਵਿਡ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਟੀਕਾਕਰਨ ਮੁਹਿੰਮ ਤਹਿਤ ਰੋਜਾਨਾ ਲਗਭਗ 90,000 ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਹਨ, ਪਰ ਇਸ ਨੂੰ ਰੋਜਾਨਾ 2 ਲੱਖ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਉਹਨਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਕਿਉਂ ਜੋ ਟੀਕਾਕਰਨ ਕੋਰੋਨਾ ਦੇ ਫੈਲਾਅ ਨੂੰ ਰੋਕਣ ਦਾ ਇਕੋ ਇਕ ਜ਼ਰੀਆ ਹੈ। ਉਨਾਂ ਨੇ ਮੁੱਖ ਸਕੱਤਰ ਨੂੰ ਬਿਹਤਰ ਢੰਗ ਨਾਲ ਤਿਆਰ ਕੀਤੀਆਂ ਮੀਡੀਆ ਮੁਹਿੰਮਾਂ ਨਾਲ ਟੀਕਾਕਰਨ ਸਬੰਧੀ ਲੋਕਾਂ ਵਿੱਚ ਫੈਲੀਆਂ ਅਫ਼ਵਾਹਾਂ ਦਾ ਸੁਚੱਜਾ ਹੱਲ ਕਰਨ ਲਈ ਕਿਹਾ। ਉਨਾਂ ਕਿਹਾ ਕਿ ਉਹ ਫਿਰ ਤੋਂ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਕਿ ਉਹ ਉਹਨਾਂ ਖੇਤਰਾਂ ਵਿੱਚ 45 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਟੀਕਾ ਲਗਵਾਉਣ ਦੀ ਛੋਟ ਦੇਣ ਜਿਹਨਾਂ ਖੇਤਰਾਂ ਵਿੱਚ ਕੋਵਿਡ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਹਫ਼ਤਾਵਾਰੀ ਦੁੱਗਣੀ ਹੋ ਰਹੀ ਹੈ। ਉਨ੍ਹਾਂ ਆਪਣੀ ਮੰਗ ਨੂੰ ਦੁਹਰਾਇਆ ਕਿ ਕੇਂਦਰ ਸਰਕਾਰ ਨੂੰ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ, ਅਧਿਆਪਕਾਂ, ਕੌਂਸਲਰਾਂ, ਸਰਪੰਚਾਂ ਆਦਿ ਨੂੰ ਟੀਕੇ ਲਗਾਉਣ ਦੀ ਆਗਿਆ ਦੇਣੀ ਚਾਹੀਦੀ ਹੈ। ਕੋਵਿਡ ਟੀਕਿਆਂ ਦੀ ਸਪਲਾਈ ਸਬੰਧੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਸੂਬੇ ਨੂੰ ਟੀਕੇ ਦੀ ਸਪਲਾਈ ਸਬੰਧੀ ਕਿਸੇ ਕਿਸਮ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਮੁੱਖ ਮੰਤਰੀ ਨੂੰ ਸਿਹਤ ਵਿਭਾਗ ਵੱਲੋਂ ਭਰੋਸਾ ਦਿੱਤਾ ਗਿਆ ਕਿ ਰੋਜਾਨਾ ਸੈਪਲਿੰਗ ਵਧਾ ਕੇ 50,000 ਕੀਤੀ ਜਾਵੇਗੀ ਜਿਸ ਵਿੱਚ 35,000 ਆਰਟੀਪੀਸੀਆਰ ਅਤੇ 15,000 ਰੈਪਿਡ ਐਂਟੀਜੇਨ ਟੈਸਟ ਕੀਤੇ ਜਾਣਗੇ। ਉਨਾਂ ਨੂੰ ਸੂਚਿਤ ਕੀਤਾ ਗਿਆ ਕਿ ਭਾਰਤ ਸਰਕਾਰ ਦੀਆਂ ਸੰਸਥਾਵਾਂ ਜਿਵੇਂ ਆਈ.ਆਈ.ਐੱਸ.ਈ.ਆਰ., ਆਈ.ਐੱਮ.ਟੈਕ, ਏਮਜ, ਪੀ.ਜੀ.ਆਈ. ਵਿੱਚ ਰੋਜ਼ਾਨਾ ਸਿਰਫ਼ 100 ਸੈਂਪਲ ਲਏ ਜਾ ਰਹੇ ਹਨ ਜੋ ਕਿ ਬਹੁਤ ਘੱਟ ਹਨ ਅਤੇ ਇਹ ਮਾਮਲਾ ਕੇਂਦਰ ਕੋਲ ਉਠਾਇਆ ਜਾ ਰਿਹਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਾਰੇ ਜ਼ਿਲਿਆਂ ਵਿੱਚ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਜਨਤਕ ਤੌਰ ‘ਤੇ ਮਾਸਕ ਨਾ ਪਹਿਨਣ ਵਾਲੇ 2.03 ਲੱਖ ਲੋਕਾਂ ਦਾ ਆਰਟੀਪੀਸੀਆਰ ਟੈਸਟ ਕੀਤਾ ਗਿਆ। ਉਨਾਂ ਅੱਗੇ ਕਿਹਾ ਕਿ ਹੁਣ ਤੱਕ 43,000 ਚਲਾਨ ਜਾਰੀ ਕੀਤੇ ਗਏ ਹਨ ਅਤੇ 3.60 ਕਰੋੜ ਰੁਪਏ ਦਾ ਜੁਰਮਾਨਾ ਇਕੱਤਰ ਕੀਤਾ ਗਿਆ। ਇਸ ਤੋਂ ਇਲਾਵਾ 206 ਐਫਆਈਆਰ ਦਰਜ ਕੀਤੀਆਂ ਗਈਆਂ ਅਤੇ 246 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਟੀਕਾਕਰਨ ਸਬੰਧੀ ਡੀ.ਜੀ.ਪੀ. ਨੇ ਕਿਹਾ ਕਿ 77 ਫ਼ੀਸਦੀ ਪੁਲਿਸ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 26 ਫ਼ੀਸਦੀ ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। ਮੀਟਿੰਗ ਦੌਰਾਨ ਕੈਬਨਿਟ ਮੰਤਰੀ ਓ.ਪੀ. ਸੋਨੀ (ਮੈਡੀਕਲ ਸਿੱਖਿਆ) ਤੇ ਬਲਬੀਰ ਸਿੱਧੂ (ਸਿਹਤ), ਮੈਡੀਕਲ ਮਾਹਰ ਡਾ. ਕੇ ਕੇ ਤਲਵਾੜ ਤੇ ਡਾ. ਰਾਜ ਬਹਾਦਰ ਅਤੇ ਪ੍ਰਮੁੱਖ ਸਕੱਤਰ ਸਿਹਤ ਹੁਸਨ ਲਾਲ ਵੀ ਮੌਜੂਦ ਸਨ।