Captain slams Union Minister : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਲਈ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਵੱਲੋਂ ਕਾਂਗਰਸ ਦੀ ਹਿਮਾਇਤ ਦੇਣ ਦੇ ਬਿਆਨ ’ਤੇ ਤਿੱਖੀ ਪ੍ਰਤਿਕਿਰਿਆ ਦਿੰਦੇ ਹੋਏ ਇਸ ਘਟਨਾ ਨੂੰ ਭੜਕਾਉਣ ਲਈ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਨਾਲ ਮਿਲੀਭੁਗਤ ਦੱਸਿਆ, ਜਿਸ ਵਿੱਚ ਕਾਂਗਰਸ ਤਾਂ ਕਿਧਰੇ ਵੀ ਨਹੀਂ ਸੀ। ਰਾਹੁਲ ਗਾਂਧੀ ਉਪਰ ਹਿੰਸਾ ਲਈ ਭੜਕਾਉਣ ਦੇ ਦੋਸ਼ਾਂ ਲਈ ਕੇਂਦਰੀ ਮੰਤਰੀ ‘ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ,”ਕੀ ਕਾਂਗਰਸੀ ਨੇਤਾ ਨੇ ਕਿਸੇ ਨੂੰ ਲਾਲ ਕਿਲ੍ਹੇ ‘ਤੇ ਚੜ੍ਹਨ ਲਈ ਕਿਹਾ ਸੀ? ਸਗੋਂ ਭਾਜਪਾ ਅਤੇ ਆਪ ਦੇ ਲੋਕ ਸਨ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ।”
ਮੁੱਖ ਮੰਤਰੀ ਨੇ ਕਿਹਾ,”ਲਾਲ ਕਿਲ੍ਹੇ ਉਪਰ ਨਿਸ਼ਾਨ ਸਾਹਿਬ ਲਹਿਰਾਉਂਦੇ ਸਮੇਂ ਕੈਮਰੇ ਵਿੱਚ ਕੈਦ ਹੋਏ ਚਿਹਰੇ ਕਾਂਗਰਸ ਦੇ ਨਹੀਂ ਸਗੋਂ ਭਾਜਪਾ ਅਤੇ ਆਪ ਦੇ ਵਰਕਰਾਂ ਅਤੇ ਸਮਰਥਕਾਂ ਦੇ ਹਨ। ਇਸ ਦੌਰਾਨ ਲਾਲ ਕਿਲ੍ਹੇ ‘ਤੇ ਕਾਂਗਰਸ ਦਾ ਇਕ ਵੀ ਲੀਡਰ ਜਾਂ ਵਰਕਰ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਕਿਸਾਨ ਵੀ ਜ਼ਿੰਮੇਵਾਰ ਨਹੀਂ ਹਨ ਅਤੇ ਬਿਨਾਂ ਸ਼ੱਕ ਸਮਾਜ ਵਿਰੋਧੀ ਤੱਤਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਕੇਂਦਰੀ ਮੰਤਰੀ ਵੱਲੋਂ ਪੰਜਾਬ ਸਰਕਾਰ ਉਪਰ ਟਰੈਕਟਰ ਰੈਲੀ ਵਿੱਚ ਕਿਸਾਨਾਂ ਨੂੰ ਰੋਕਣ ‘ਚ ਨਾਕਾਮ ਰਹਿਣ ਬਾਰੇ ਦਿੱਤੇ ਬਿਆਨ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਟਰੈਕਟਰ ਰੈਲੀ ਦੀ ਅਧਿਕਾਰਤ ਤੌਰ ‘ਤੇ ਇਜਾਜ਼ਤ ਦਿੱਲੀ ਪੁਲੀਸ ਵੱਲੋਂ ਦਿੱਤੀ ਗਈ ਸੀ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਰੈਲੀ ਵਿੱਚ ਜਾਣ ਤੋਂ ਕਿਸਾਨਾਂ ਨੂੰ ਰੋਕ ਲੈਣ ਦਾ ਕੋਈ ਕਾਰਨ ਹੀ ਨਹੀਂ ਬਣਦਾ।
ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਪੰਜਾਬ ਤੋਂ ਨਿਕਲਣ ਵਾਲੇ ਟਰੈਕਟਰਾਂ ‘ਤੇ ਪਾਬੰਦੀ ਨਹੀਂ ਲਗਾਈ। ਰਾਹੁਲ ਗਾਂਧੀ ਸਿਰਫ ਸਮਰਥਨ ਨਹੀਂ ਕਰ ਰਹੇ ਸਗੋਂ ਇਸ ਨੂੰ ਉਕਸਾ ਰਹੇ ਹਨ। ਇਥੇ ਦੱਸ ਦੇਈਏ ਕਿ ਪੁਲਿਸ ਨੇ ਭਾਜਪਾ ਸੰਸਦ ਮੈਂਬਰ ਸਨੀ ਦਿਓਲ ਦੇ ਨੇੜਲੇ ਦੀਪ ਸਿੱਧੂ ਨੂੰ ਦਿੱਲੀ ਲਾਲ ਕਿਲ੍ਹਾ ਹਿੰਸਾ ਲਈ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ‘ਆਪ’ ਦਾ ਮੈਂਬਰ ਅਮਰੀਕ ਮਿੱਕੀ ਵੀ ਹਿੰਸਾ ਵਾਲੀ ਥਾਂ ‘ਤੇ ਮੌਜੂਦ ਸੀ।