Cardboard combine made ਛ ਅੱਜ ਜਿਥੇ ਹਰ ਬੰਦਾ ਆਪਣੇ ਬੱਚੇ ਨੂੰ ਪ੍ਰਾਈਵੇਟ ਸਕੂਲਾਂ ਵਿਚ ਭੇਜਣ ਨੂੰ ਹੀ ਤਰਜੀਹ ਦਿੰਦਾ ਹੈ, ਉਥੇ ਇਕ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਗੱਤੇ ਦੀ ਕੰਬਾਈਨ ਬਣਾ ਕੇ ਸਾਬਿਤ ਕਰ ਦਿੱਤਾ ਕਿ ਸਰਕਾਰੀ ਸਕੂਲ ਦੇ ਵਿਦਿਆਰਥੀ ਵੀ ਕਿਸੇ ਤੋਂ ਘੱਟ ਨਹੀਂ ਹਨ। ਰਈਆ ਦੇ ਨੇੜੇ ਪੈਂਦੇ ਪਿੰਡ ਭਲਾਈਪੁਰ ਪੁਰਬਾ ਵਿਚ ਦਸਵੀਂ ਕਲਾਸ ਦੇ ਵਿਦਿਆਰਥੀ ਨੇ ਆਪਣੇ ਦਿਮਾਗ ਨਾਲ ਗੱਤੇ ਦੀ ਕੰਬਾਈਨ ਬਣਾ ਕੇ ਕਮਾਲ ਕਰ ਦਿੱਤਾ, ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਸਿਮਰਨਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਦਾ ਹੈ ਉਸ ਨੇ ਗੱਤੇ ਨੂੰ ਫੈਵੀਕੋਲ ਨਾਲ ਜੋੜ ਕੇ ਵਧੀਆ ਜੁਗਾੜ ਲਗਾ ਕੇ ਇਹ ਕੰਬਾਈਨ ਤਿਆਰ ਕੀਤੀ ਹੈ। ਕੰਬਾਈਨ ਦੇ ਅੱਗਲੇ ਹਿੱਸੇ ਨੂੰ ਚੁੱਕਣ ਲਈ ਉਸ ਨੇ ਇਸ ਨਾਲ ਛੋਟੀਆਂ ਪਾਈਪਾਂ ਲਗਾ ਕੇ ਸਰਿੰਜ ਲਗਾਈ ਹੈ, ਪ੍ਰੈਸ਼ਰ ਬਣਾਉਣ ਲਈ ਉਸ ਨੇ ਸਰਿੰਜ ਵਿਚ ਪਾਣੀ ਭਰਿਆ ਹੈ, ਜਿਸ ਨਾਲ ਉਹ ਉੱਤੇ ਚੁੱਕਿਆ ਜਾਂਦਾ ਹੈ ਅਤੇ ਇਸੇ ਪ੍ਰੈਸ਼ਰ ਦੇ ਨਾਲ ਹੀ ਇਸ ਦੇ ਟਾਇਰਾਂ ਵਿਚ ਵੀ ਮੂਵਮੈਂਟ ਹੁੰਦੀ ਹੈ। ਕੰਬਾਈਨ ਨੂੰ ਚਲਾਉਣ ਲਈ ਉਹ ਇਕ ਛੋਟੀ ਜਿਹੀ ਮੋਟਰ ਦਾ ਇਸਤੇਮਾਲ ਕਰਦਾ ਹੈ।
ਕੰਬਾਈਨ ਵਿਚ ਉਸ ਨੇ ਇਕ ਟੂਲ ਬਾਕਸ ਅਤੇ ਬੈਟਰੀ ਰਖਣ ਵਾਲਾ ਸਿਸਟਮ ਦਾ ਵੀ ਬਣਾਇਆ ਹੈ। ਕੰਬਾਈਨ ਦੇ ਪਿੱਛੇ ਇਕ ਛੋਟਾ ਜਿਹਾ ਟਰੰਕ ਬਣਾ ਕੇ ਉਸ ਦੇ ਪਿੱਛੇ ਪੌੜ੍ਹੀਆਂ ਵੀ ਬਣਾਈਆਂ ਗਈਆਂ ਹਨ। ਉਸ ਨੇ ਇਕ ਅਸਲੀ ਕੰਬਾਈਨ ਵਾਂਗ ਉਸ ਵਿਚ ਹਰ ਹਿੱਸਾ ਬਣਾਇਆ ਹੈ ਜਿਸ ਵਿਚ ਟੈਂਕੀ ਟਾਇਰ ਆਦਿ ਸਭ ਕੁਝ ਲੱਗਾ ਹੈ। ਸਿਮਰਨਜੀਤ ਨੇ ਦੱਸਿਆ ਕਿ ਇਸ ਨੂੰ ਰੰਗ ਕਰਨਾ ਅਜੇ ਬਾਕੀ ਹੈ ਜਿਸ ਤੋਂ ਬਾਅਦ ਇਸ ਕੰਬਾਈਨ ਦਾ ਕੰਮ ਪੂਰਾ ਹੋ ਜਾਏਗਾ। ਸਹੀ ਕਿਹਾ ਹੈ ਕੁਝ ਕਰਨ ਲਈ ਦਿਲ ਵਿਚ ਸ਼ੌਕ ਤੇ ਜਜ਼ਬਾ ਹੋਣਾ ਚਾਹੀਦਾ ਹੈ ਤਾਂ ਬਿਨਾਂ ਸਿਖਾਏ ਵੀ ਕੋਈ ਵੀ ਹੁਨਰ ਸਿੱਖਿਆ ਜਾ ਸਕਦਾ ਹੈ।