Case filed against Darshan Lal : ਜਲੰਧਰ ’ਚ ਕੋਵਿਡ-19 ਦੇ ਚੱਲਦਿਆਂ ਨਿਯਮਾਂ ਦੀ ਉਲੰਘਣਾ ਕਰਨ ’ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਦਰਜਨ ਤੋਂ ਵੱਧ ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਮਾਲ ਹਾਊਸ ਦੇ ਚਾਰ ਮਰਲਾ ਪਾਰਕ ਵਿਚ ਆਮ ਆਦਮੀ ਪਾਰਟੀ ਦੀ ਚੱਲ ਰਹੀ ਮੀਟਿੰਗ ਵਿਚ 15 ਤੋਂ ਵੱਧ ਲੋਕ ਮੌਜੂਦ ਸਨ, ਜਿਸ ਦੀ ਸੂਚਨਾ ਮਿਲਦੇ ਹੀ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਉਥੇ ਛਾਪਾ ਮਾਰੀ ਕੀਤੀ ਤਾਂ ਉਥੇ ਮੌਜੂਦ ਦਰਸ਼ਨ ਲਾਲ ਭਗਤ ਸਣੇ ਬਲਵੀਰ ਔਗਲਾ, ਰਮੇਸ਼ ਕੁਮਾਰ ਅਤੇ ਆਤਮ ਪ੍ਰਕਾਸ਼ ਸਣੇ ਦਰਜਨ ਤੋਂਵੱਧ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਸਾਰਿਆਂ ਖਿਲਾਫ ਸਰਕਾਰੀ ਹੁਕਮਾਂ ਦੀ ਉਲੰਘਣਾ ਦਾ ਦੋਸ਼ ਹੈ। ਦੱਸਣਯੋਗ ਹੈ ਕਿ ਦਰਸ਼ਨ ਲਾਲ ਭਗਤ ਸਾਲ 2017 ’ਚ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਬਲਜਿੰਦਰ ਸਿੰਘ ਨੇ ਦੱਸਿਆ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਵਿਚ 144 ਧਾਰਾ ਲੱਗੀ ਹੋਣ ਕਰਕੇ ਭੀੜ ਇਕੱਠਾ ਕਰਨਾ ਅਪਰਾਧ ਹੈ ਅਤੇ ਪੰਜ ਤੋਂ ਵੱਧ ਲੋਕਾਂ ਦੇ ਇਕੱਠ ’ਤੇ ਰੋਕ ਲੱਗੀ ਹੋਈ ਹੈ। ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ, ਜਿਸ ਕਾਰਨ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਕੋਰੋਨਾ ਨਾਲ ਸਬੰਧਤ ਸਰਕਾਰੀ ਨਿਯਮਾਂ ਦੀ ਪਾਲਣਾ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਾ ਨਹੀਂ ਜਾਵੇਗਾ।