Case filed against Gurpatwant Singh : ਮੋਹਾਲੀ ਪੁਲਿਸ ਵੱਲੋਂ ’ਰੈਫਰੈਂਡਮ 2020’ ਦੇ ਬਾਨੀ ਗੁਰਪਤਵੰਤ ਸਿੰਘ ਪੰਨੂ ’ਤੇ ਦੇਸ਼ਧ੍ਰੋਹ ਅਤੇ ਭਾਰਤੀ ਫੌਜ ਦੇ ਜਵਾਨਾਂ ਨੂੰ ਆਪਣੇ ਦੇਸ਼ ਖਿਲਾਫ ਭੜਕਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤ ਗਿਆ ਹੈ। ਇਹ ਮਾਮਲਾ ਕੁਰਾਲੀ ਦੇ ਥਾਣਾ ਸਦਰ ਵਿਚ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੇ ਹੱਥ ਇਕ ਪਹਿਲਾਂ ਤੋਂ ਹੀ ਰਿਕਾਰਡ ਕੀਤਾ ਇਕ ਮੈਸੇਜ ਲੱਗਾ ਹੈ, ਜਿਸ ਵਿਚ ਪੰਨੂ ਭਾਰਤੀ ਫੌਜ ਵਿਚ ਕੰਮ ਕਰ ਰਹੇ ਸਿੱਖ ਫੌਜੀਆਂ ਨੂੰ ਭੜਕਾ ਰਿਹਾ ਹੈ।
ਉਹ ਇਸ ਮੈਸੇਜ ਵਿਚ ਸਿੱਖ ਫੌਜੀਆਂ ਨੂੰ ਕਹਿ ਰਿਹਾ ਹੈ ਕਿ 1947 ਤੋਂ ਸਿੱਖਾਂ ’ਤੇ ਕਤਲੇਆਮ ਹੋ ਰਿਹਾ ਹੈ। ਅਜਿਹੇ ’ਚ ਇਸ ਦੇਸ਼ ਦੇ ਪ੍ਰਤੀ ਉਨ੍ਹਾਂ ਨੂੰ ਆਪਣੀ ਜਾਨ ਨਹੀਂ ਦੇਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਹਥਿਆਰਬੰਦ ਬਲਾਂ ਨੂੰ ਛੱਡ ਦੇਣਾ ਚਾਹੀਦਾ ਹੈ। ਪੰਨੂ ਨੇ ਸਿੱਖ ਫੌਜੀਆਂ ਨੂੰ ਇਥੋਂ ਤੱਕ ਲਾਲਚ ਦਿੱਤਾ ਕਿ ਉਨ੍ਹਾਂ ਨੂੰ ਜਿੰਨੀ ਤਨਖਾਹ ਭਾਰਤੀ ਫੌਜ ਵਿਚ ਮਿਲ ਰਹੀ ਹੈ, ਉਨ੍ਹਾਂ ਨੂੰ ਉਸ ਤੋਂ ਪੰਜ ਹਜ਼ਾਰ ਰੁਪਏ ਵੱਧ ਤਨਖਾਹ ਦਿੱਤੀ ਜਾਵੇਗੀ।
ਆਈਜੀ ਰੋਪੜ ਰੇਂਜ ਅਮਿਤ ਪ੍ਰਸਾਦ ਨੇ ਪੰਨੂ ਖਿਲਾਫ ਭਾਰਤੀ ਫੌਜ ਨੂੰ ਭੜਕਾਉਣ ਲਈ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਪੰਨੂ ਵੱਲੋਂ ਪ੍ਰਚਾਰਿਤ ਕੀਤੇ ਜਾ ਰਹੇ ਨਾਂਹਪੱਖੀ ਏਜੰਡੇ ਖਿਲਾਫ ਮੁਕਾਬਲਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਪੰਨੂ ਨੇ ਸੋਸ਼ਲ ਮੀਡੀਆ ’ਤੇ ਇਕ ਪੱਤਰ ਜਾਰੀ ਕਰਕੇ ਉਸ ਵਿਚ ਲੱਦਾਖ ਵਿਚ ਸਥਿਤ ਕੌਮਾਂਤਰੀ ਸਰਹੱਦ ’ਤੇ ਚੀਨ ਖਿਲਾਫ ਭਾਰਤ ਵੱਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਕੀਤੀ ਹੈ। ਨਾਲ ਹੀ ਸਿੱਖ ਫਾਰ ਜਸਟਿਸ (SFJ) ਵੱਲੋਂ ਸ਼ਹੀਦ ਹੋਏ ਜਵਾਨਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।