Case of beating and urination : ਚੰਡੀਗੜ੍ਹ : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਜਾਨੀਸਰ ਵਿਚ ਇਕ ਦਲਿਤ ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਉਸ ਨੂੰ ਜ਼ਬਰਦਸਤੀ ਪੇਸ਼ਾਬ ਪਿਲਾਉਣ ਦੀ ਘਟਨਾ ਦਾ ਸਖਤ ਨੋਟਿਸ ਲੈਂਦੇ ਹੋਏ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਸ ਮਾਮਲੇ ਵਿੱਚ ਐਸ.ਐਸ.ਪੀ. ਫਾਜ਼ਿਲਕਾ ਤੋਂ 21 ਅਕਤੂਬਰ ਤੱਕ ਰਿਪੋਰਟ ਤਲਬ ਕੀਤੀ ਹੈ ਇਸ ਦੇ ਨਾਲ ਹੀ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੌਰ ਨੇ ਦੱਸਿਆ ਕਿ ਇਹ ਮਾਮਲਾ ਖਬਰਾਂ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਜਿਸ ’ਤੇ ਸੂ-ਮੋਟੋ ਨੋਟਿਸ ਲੈਂਦੇ ਹੋਏ ਐਸ.ਐਸ.ਪੀ. ਫਾਜ਼ਿਲਕਾ ਨੂੰ ਰਿਪੋਰਟ ਤਲਬ ਕਰਨ ਲਈ ਕਿਹਾ ਗਿਆ ਹੈ।
ਦੱਸਣਯੋਗ ਹੈ ਕਿ ਬੀਤੀ ਸੋਮਵਾਰ ਪਿੰਡ ਚੱਕ ਜਾਨੀਸਰ ਵਿੱਚ ਇਕ ਅਨੁਸੂਚਿਤ ਜਾਤੀ ਦੇ ਨੌਜਵਾਨ ਨੂੰ ਚੋਰ ਦੱਸ ਦੇ ਤਿੰਨ ਜ਼ਿੰਮੀਂਦਾਰਾਂ ਨੇ ਪਹਿਲਾਂ ਤਾਂ ਉਸ ਦੀ ਖੂਬ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਜ਼ਬਰਦਸਤੀ ਪੇਸ਼ਾਬ ਪਿਲਾ ਦਿੱਤਾ। ਪੀੜਤ ਆਪਣੇ ਭਰਾ ਨੂੰ ਮਿਲਣ ਪਿੰਡ ਗਿਆ ਸੀ। ਪੀੜਤ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਨੌਜਵਾਨ ਇਸ ਪਿੰਡ ਵਿੱਚ ਇੱਕ ਕਿਸਾਨ ਨਾਲ ਕੰਮ ਕਰਦੇ ਆਪਣੇ ਭਰਾ ਨੂੰ ਮਿਲਣ ਗਿਆ ਸੀ। ਜਿਵੇਂ ਹੀ ਉਹ ਪਿੰਡ ਪਹੁੰਚਿਆ ਨਸ਼ੇ ਵਿੱਚ ਧੁੱਤ ਤਿੰਨ ਜ਼ਿੰਮੀਂਦਾਰਾਂ ਸਿਮਰਨਜੀਤ ਸਿੰਘ, ਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਉਸਨੂੰ ਫੜ ਲਿਆ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਉਸ ’ਤੇ ਚੋਰੀ ਦਾ ਦੋਸ਼ ਲਗਾ ਰਹੇ ਸਨ ਅਤੇ ਉਸ ਨੂੰ ਫਿਰ ਪੇਸ਼ਾਬ ਪੀਣ ਲਈ ਮਜਬੂਰ ਕੀਤਾ।