Case of illicit liquor factory : ਪਟਿਆਲਾ ਵਿਖੇ ਸ਼ੰਭੂ-ਅੰਬਾਲਾ ਰੋਡ ’ਤੇ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਹਾਲਾਂਕਿ ਸੂਬਾ ਸਰਕਾਰ ਦੀਆਂ ਹਿਦਾਇਤਾਂ ਨਾ ਹੋਣ ਕਰਕੇ ਪੁਲਿਸ ਵੱਲੋਂ ਇਸ ਦਾ ਕੋਈ ਵੀ ਰਿਕਾਰਡ ਈਡੀ ਨੂੰ ਨਹੀਂ ਦਿੱਤਾ ਗਿਆ, ਜਿਸ ਬਾਰੇ ਈਡੀ ਦਾ ਕਹਿਣਾ ਹੈ ਕਿ ਇਹ ਇਕ ਹਾਈਪ੍ਰੋਫਾਈਲ ਮਾਮਲਾ ਹੈ, ਜਿਸ ਕਾਰਨ ਕਾਂਗਰਸ ਸਰਪੰਚ ਸਣੇ ਹੋਰਨਾਂ ਦੇ ਫੈਕਟਰੀ ਨਾਲ ਸਬੰਧਤ ਹੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਅਕਾਲੀ ਪਾਰਟੀ ਲਗਾਤਾਰ ਸਰਕਾਰ ਨੂੰ ਘੇਰ ਰਹੇ ਹਨ। ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ’ਤੇ ਵੀ ਸ਼ਰਾਬ ਮਾਫੀਆ ਨੂੰ ਸ਼ਹਿ ਦੇਣ ਦੇ ਦੋਸ਼ ਲੱਗ ਰਹੇ ਹਨ। ਈਡੀ ਨੇ ਕਿਹਾ ਕਿ ਹਾਲਾਂਕਿ ਪੁਲਿਸ ਨੂੰ ਇਸ ਬਾਰੇ ਰਿਕਾਰਡ ਦੇਣਾ ਚਾਹੀਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਇਸ ਕੇਸ ਵਿਚ ਪੜਤਾਲ ਸ਼ੁਰੂ ਹੋ ਚੁੱਕੀ ਹੈ। ਈਡੀ ਆਪਣੇ ਲੈਵਲ ’ਤੇ ਹੀ ਜਾਂਚ ਕਰੇਗੀ ਅਤੇ ਇਸ ਦੇ ਲਈ ਸਬੂਤ ਤੇ ਦਸਤਾਵੇਜ਼ ਇਕੱਠਾ ਕਰੇਗੀ। ਉਧਰ ਪਟਿਆਲਾ ਦੇ ਪੁਲਿਸ ਸੂਤਰਾਂ ਮੁਤਾਬਕ ਸੂਬਾ ਸਰਕਾਰ ਦੀਆਂ ਹਿਦਾਇਤਾਂ ਮਿਲਣ ਤੋਂ ਬਾਅਦ ਹੀ ਪੁਲਿਸ ਮਹਿਕਮਾ ਇਸ ਮਾਮਲੇ ਸਬੰਧੀ ਦਸਤਾਵੇਜ਼ ਈਡੀ ਨੂੰ ਸੌਂਪੇਗਾ। ਦੱਸਣਯੋਗ ਹੈ ਕਿ ਪਟਿਆਲਾ ਪੁਲਿਸ ਪਹਿਲਾਂ ਹੀ ਇਸ ਮਾਮਲੇ ਵਿਚ ਸ਼ੰਭੂ ਥਾਣਾ ਦੇ ਇੰਚਾਰਜ ਰਹੇ ਪ੍ਰੇਮ ਸਿੰਘ ਤੇ ਇਕ ਏਐਸਆਈ ਨੂੰ ਸਸਪੈਂਡ ਕਰਕੇ ਪੁਲਿਸ ਲਾਈਨ ਭੇਜ ਚੁੱਕੀ ਹੈ, ਜਿਨ੍ਹਾਂ ਤੋਂ ਈਡੀ ਪੁੱਛਗਿੱਛ ਕਰੇਗੀ। ਉਧਰ ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਕਾਨੂੰਨੀ ਰਾਏ ਲੈ ਕੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।
ਇਥੇ ਤੁਹਾਨੂੰ ਦੱਸ ਦੇਈਏ ਕਿ 13 ਮਈ ਨੂੰ ਡੀਐਸਪੀ ਘਨੌਰ ਮਨਪ੍ਰੀਤ ਸਿੰਘ ਤੇ ਐਕਸਾਈਜ਼ ਮਹਿਕਮੇ ਦੀ ਟੀਮ ਨੇ ਸ਼ੰਭੂ-ਅੰਬਾਲਾ ਰੋਡ ’ਤੇ ਇਕ ਕੋਲਡ ਸਟੋਰ ਵਿਚ ਚੱਲ ਰਹੀ ਨਾਜਾਇਜ਼ ਸ਼ਰਾਬ ਫੈਕਟਰੀ ’ਤੇ ਛਾਪਾ ਮਾਰਿਆ ਸੀ, ਜਿਸ ਵਿਚ ਪਹਿਲਾਂ ਦੋਸ਼ੀ ਅਮਿਤ ਕੁਮਾਰ, ਫਿਰ ਦੀਪੇਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਕਾਂਗਰਸੀ ਸਰਪੰਚ ਅਮਰੀਕ ਸਿੰਘ ਖਾਨਪੁਰ ਖੁਰਦ ਨੇ ਆਤਮਸਮਰਪਣ ਕੀਤਾ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਹਰਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਦੋਸ਼ੀ ਹਰਪ੍ਰੀਤ ਸਿੰਘ ਥੂਹੀ ਤੇ ਵਿਜੇ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ।