Case of making fake corona reports : ਅੰਮ੍ਰਿਤਸਰ ’ਚ ਕੋਰੋਨਾ ਟੈਸਟ ਦੀਆਂ ਫਰਜ਼ੀ ਪਾਜ਼ੀਟਿਵ ਰਿਪੋਰਟਾਂ ਬਣਾ ਕੇ ਇਲਾਜ ਦੇ ਨਾਂ ’ਤੇ ਵੱਡੀ ਰਕਮ ਠੱਗਣ ਦੇਣ ਦੇ ਮਾਮਲੇ ਵਿਚ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਤਿੰਨ ਡਾਕਟਰਾਂ ਤੁਲੀ ਲੈਬ ਦੇ ਮਾਲਕ ਡਾ. ਮੋਹਿੰਦਰ ਸਿੰਘ, ਡਾ. ਰਿਧਿਮਾ ਤੁਲੀ ਤੇ ਡਾ. ਰੋਬਿਨ ਤੁਲੀ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸੁਣਵਾਈ ਤੋਂ ਬਾਅਦ ਈਐੱਮਸੀ ਹਸਪਤਾਲ ਦੇ ਮਾਲਕ ਪਵਨ ਅਰੋੜਾ ਤੇ ਡਾ. ਪੰਕਜ ਸੋਨੀ ਨੇ ਆਪਣੀ ਅਰਜ਼ੀ ਵਾਪਿਸ ਲੈ ਲਈ ਹੈ, ਜਦਕਿ ਡਾ. ਸੰਜੇ ਪਿਪਲਾਨੀ ਨੇ ਪਿਛਲੀ ਸੁਣਵਾਈ ਦੌਰਾਨ ਹੀ ਜ਼ਮਾਨਤ ਅਰਜ਼ੀ ਵਾਪਿਸ ਲੈ ਲਈ ਸੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਇਨ੍ਹਾਂ ਡਾਕਟਰਾਂ ਨੂੰ ਹੁਣ ਜ਼ਮਾਨਤ ਲਈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਤੱਕ ਪਹੁੰਚ ਕਰਨੀ ਪਏਗੀ। ਦੱਸਣਯੋਗ ਹੈ ਕਿ ਮੁਲਜ਼ਮਾਂ ਵੱਲੋਂ ਹਾਈਕੋਰਟ ਵਿਚ ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਉੱਧਰ, ਪੁਲਿਸ ’ਤੇ ਪੀੜਤ ਲੋਕਾਂ ਵੱਲੋਂ ਬਾਕੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ ਪਰ ਸਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ।
ਦੱਸਣਯੋਗ ਹੈ ਕਿ ਇਸ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਹੋਈ ਜਾਂਚ ਵਿਚ ਵਿਜੀਲੈਂਸ ਬਿਊਰੋ ਨੇ 23 ਜੂਨ ਦੀ ਸ਼ਾਮ ਨੂੰ ਤੁਲੀ ਲੈਬ ਤੇ ਏਐੱਮਸੀ ਹਸਪਤਾਲ ਦੇ ਉਕਤ ਛੇ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼, ਧੋਖਾਧੜੀ, ਡਰਾ ਕੇ ਵਸੂਲੀ ਕਰਨ ਤੇ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਐੱਫਆਈਆਰ ਦਰਜ ਕੀਤੀ ਸੀ। ਕੇਸ ਦਰਜ ਹੁੰਦਿਆਂ ਹੀ ਸਾਰੇ ਮੁਲਜ਼ਮ ਫ਼ਰਾਰ ਹੋ ਗਏ ਸਨ। ਕੁਝ ਦਿਨ ਪਹਿਲਾਂ ਮੁੱਖ ਮੰਤਰੀ ਦੇ ਹੁਕਮਾਂ ‘ਤੇ ਮਾਮਲੇ ਦੀ ਜਾਂਚ ਅੰਮ੍ਰਿਤਸਰ ਪੁਲਿਸ ਨੂੰ ਸੌਂਪ ਕੇ ਐੱਸਆਈਟੀ ਦਾ ਗਠਨ ਕੀਤਾ ਗਿਆ ਸੀ।