Case of Non SC Recruitment on SC Seat : ਚੰਡੀਗੜ੍ਹ : ਸਥਾਨਕ ਸਰਕਾਰਾਂ ਵਿਭਾਗ ਵੱਲੋਂ SC ਸੀਟ ’ਤੇ ਨਾਨ-ਐਸ.ਸੀ. ਭਰਤੀ ਕਰਨ ਦੇ ਲਗਭਗ ਪੰਜ ਸਾਲ ਪੁਰਾਣੇ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਵਿਭਾਗ ਦੇ ਦੋ ਕਾਰਜ ਸਾਧਕ ਅਫ਼ਸਰਾਂ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਖਿਲਾਫ਼ ਚਾਰਜਸ਼ੀਟ ਜਾਰੀ ਕਰਕੇ ਜਵਾਬ ਤਲਬ ਕੀਤਾ ਗਿਆ ਹੈ, ਜਿਸ ਵਿਚ ਰਜਨੀਸ਼ ਸੂਦ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਚਮਕੌਰ ਸਾਹਿਬ, ਗੁਰਬਖਸ਼ੀਸ਼ ਸਿੰਘ, ਕਾਰਜ ਸਾਧਕ ਅਫ਼ਸਰ ਦੋਰਾਹਾ (ਲੁਧਿਆਣਾ) ਖਿਲਾਫ ਦੋਸ਼ੀ ਸੂਚੀ ਜਾਰੀ ਕਰਦੇ ਹੋਏ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮ 1970 ਦੇ ਅਧੀਨ ਅਤੇ ਵਿਜੇ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਮੋਰਿੰਡਾ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਤੋਂ 21 ਦਿਨਾਂ ਦੇ ਅੰਦਰ-ਅੰਦਰ ਲਿਖਤੀ ਰੂਪ ਵਿੱਚ ਜਵਾਬ ਤਲਬ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਤਜਿੰਦਰ ਕੌਰ (ਸੇਵਾਮੁਕਤ ਆਈ.ਏ.ਐਸ.) ਵੱਲੋਂ ਦਿੱਤੀ।
ਇਹ ਹੈ ਮਾਮਲਾ : ਮੋਰਿੰਡਾ ਦੇ ਰਹਿਣ ਵਾਲੇ ਗੁਰਧਿਆਨ ਸਿੰਘ ਨੇ ਕਮਿਸ਼ਨ ਵਿਚ 21 ਮਈ 2015 ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਨਗਰ ਕੌਂਸਲ ਮੋਰਿੰਡਾ ਨੇ ਅਨੁਸੂਚਿਤ ਜਾਤੀ ਵਰਗ ਦੀ ਸੀਟ ਉਤੇ ਰਜਨੀਸ਼ ਸੂਦ (ਤਤਕਾਲੀ ਲੇਖਾਕਾਰ ਨਗਰ ਕੌਂਸਲ ਮੋਰਿੰਡਾ) ਦੀ ਪਤਨੀ ਰਜਨੀ ਬਾਲਾ (ਜੋ ਕਿ ਅਨੁਸੂਚਿਤ ਜਾਤੀ ਦੀ ਨਹੀਂ ਸੀ) ਨੂੰ ਨਿਯਮਾਂ ਨੂੰ ਅਣਗੌਲਿਆਂ ਕਰਕੇ ਬਤੌਰ ਈ.ਟੀ.ਟੀ. ਟੀਚਰ ਭਰਤੀ ਕੀਤਾ ਸੀ।
ਇਸ ਮਾਮਲੇ ਦੀ ਸਿੱਖਿਆ ਵਿਭਾਗ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਾਂਚ-ਪੜਤਾਲ ਕੀਤੀ ਗਈ, ਜਿਸ ਤੋਂ ਬਾਅਦ ਸਥਾਨਕ ਸਰਕਾਰਾਂ ਵਿਭਾਗ ਨੇ ਗਲਤ ਢੰਗ ਨਾਲ ਅਧਿਆਪਕ ਦੀ ਭਰਤੀ ਕਰਨ ਦੇ ਮਾਮਲੇ ਵਿੱਚ ਤਤਕਾਲੀ ਚੋਣ ਕਮੇਟੀ ਵਿੱਚ ਸ਼ਾਮਲ ਵਿਜੇ ਕੁਮਾਰ (ਪ੍ਰਧਾਨ ਨਗਰ ਕੌਂਸਲ), ਗੁਰਬਖਸ਼ੀਸ਼ ਸਿੰਘ (ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮੋਰਿੰਡਾ), ਗੁਰਨਾਮ ਸਿੰਘ (ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਮੋਰਿੰਡਾ) ਭੁਪਿੰਦਰ ਸਿੰਘ (ਤਹਿਸੀਲ ਭਲਾਈ ਅਫ਼ਸਰ. ਚਮਕੌਰ ਸਾਹਿਬ) ਤ. ਸਿੰਘ (ਐਥਲੈਟਿਕ ਕੋਚ ਸਪੋਰਟਸ ਡਿਪਾਰਟਮੈਂਟ, ਰੋਪੜ, ਪੰਜਾਬ) ਖਿਲਾਫ਼ ਕਾਰਵਾਈ ਕਰਨੀ ਸ਼ੁਰੂ ਕੀਤੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਉਨ੍ਹਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ।