Case registered against 4 : ਮੋਗਾ ’ਚ ਚਾਰ ਵਿਅਕਤੀਆਂ ਵੱਲੋਂ ਪੁਲਿਸ ਦੀ ਵਰਦੀ ਪਹਿਨ ਕੇ ਚੂਰਾਪੋਸਤ ਦੀ ਸਮੱਗਲਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚੱਲਦਿਆਂ ਪੁਲਿਸ ਨੇ ਪਿੰਡ ਫਤਿਹਗੜ੍ਹ ਕੋਰੋਟਾਨਾ ਦੇ ਦਰਸ਼ਨ ਸਿੰਘ ਅਤੇ ਉਸ ਦੇ ਭਰਾ ਬਲਵੰਤ ਸਿੰਘ ਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੋਸ਼ੀ ਪੁਲਿਸ ਨੂੰ ਦੇਖ ਕੇ ਟਰੱਕ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਟਰੱਕ ਦੀ ਤਲਾਸ਼ੀ ਲਈ ਤਾਂ 32 ਬੋਰ ਦੀ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ, ਪੰਜਾਬ ਪੁਲਿਸ ਦੀਆਂ ਚਾਰ ਵਰਦੀਆਂ ਬਰਾਮਦ ਹੋਈਆਂ। ਇਸ ਵਿੱਚ ਇਕ ਸਬ-ਇੰਸਪੈਾਕਟਰ, ਏਐੱਸਆਈ ਤੇ ਦੋ ਸਿਪਾਹੀਆਂ ਦੀ ਵਰਦੀ ਸ਼ਾਮਲ ਹੈ। ਦੋਸ਼ੀ ਦਰਸ਼ਨ ਸਿੰਘ ’ਤੇ ਪਹਿਲਾਂ ਵੀ ਚੂਰਾਪੋਸਤ ਦੀ ਸਮੱਗਲਿੰਗ ਦੇ ਤਿੰਨ ਮਾਮਲੇ ਦਰਜ ਹਨ।
ਥਾਣਾ ਮਹਿਣਾ ਦੇ ਐੱਸਐੱਚਓ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਪਿੰਡ ਦਾਤਾ ਵਿੱਚ ਮੁਖਬਿਰ ਨੇ ਆ ਕੇ ਸੂਚਨਾ ਦਿੱਤੀ ਕਿ ਦੋ ਸਮੱਗਲਰ ਭਰਾ ਪਿੰਡ ਵਿੱਚ ਟਰੱਕ ਤੇ ਟਰੈਕਟਰ ਲੈ ਕੇ ਖੜ੍ਹੇ ਹਨ। ਸਮੱਗਲਰਾਂ ਵੱਲੋਂ ਪੁਲਿਸ ਦੀਆਂ ਵਰਦੀਆਂ ਪਹਿਨਕੇ ਸਪਲਾਈ ਦਿੱਤੀਆਂ ਜਾਂਦੀਆਂ ਹਨ। ਪੁਲਿਸ ਨੇ ਮੁਖਬਿਰ ਦੀ ਸੂਚਨਾ ’ਤੇ ਉਸ ਦੀ ਦੱਸੀ ਥਾਂ ’ਤੇ ਜਾ ਕੇ ਰੇਡ ਕੀਤੀ ਤਾਂ ਇਕ ਟਰੱਕ ਤੇ ਟਰੈਕਟਰ ਖੜ੍ਹਾ ਮਿਲਿਆ। ਪੁਲਿਸ ਨੂੰ ਦੇਖ ਕੇ ਚਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਐੱਸਐੱਚਓ ਮੁਤਾਬਕ ਦੋਸ਼ੀ ਆਪਣੇ ਵਾਹਨਾਂ ’ਤੇ ਜਾਅਲੀ ਨੰਬਰ ਪਲੇਟ ਲਗਾ ਕੇ ਨਸ਼ਾ ਸਮੱਗਲਿੰਗ ਨੂੰ ਅੰਜਾਮ ਦਿੰਦੇ ਸਨ।
ਪੁਲਿਸ ਨੇ ਟਰੱਕ ਤੋਂ ਪਿਸਤੌਲ, ਕਾਰਤੂਸ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀਆਂ ਚਾਰ ਵਰਦੀਆਂ ਬਰਾਮਦ ਕੀਤੀਆਂ। ਪਲਿਸ ਨੇ ਪਿੰਡ ਫਤਿਹਗੜ੍ਹ ਕੋਰੋਟਾਨਾ ਦੇ ਦਰਸ਼ਨ ਸਿੰਘ ਤੇ ਬਲਵੰਤ ਸਿੰਘ ਦੋਵਾਂ ਭਰਾਵਾਂ ਸਣੇ ਦੋ ਅਣਪਛਾਤੇ ਸਮੱਗਲਰਾਂ ਖਿਲਾਫ ਐੱਨਡੀਪੀਐੱਸ ਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦਰਸ਼ਨ ਸਿੰਘ ਪਹਿਲਾਂ ਹੀ ਤਿੰਨ ਕੇਸਾਂ ਵਿੱਚ ਭਗੋੜਾ ਚੱਲਿਆ ਆ ਰਿਹਾ ਹੈ।