Case registered against Patiala : ਪਟਿਆਲਾ : ਰਾਜਪੁਰਾ ਥਾਣੇ ਵਿੱਚ ਦਰਜ ਕੇਸ ਨੂੰ ਨਿਪਟਾਉਣ ਦੇ ਮਾਮਲੇ ਵਿੱਚ ਰਿਸ਼ਵਤ ਮੰਗਣ ਦੇ ਦੋਸ਼ੀ ਐਸਆਈ ਨਰਿੰਦਰ ਖ਼ਿਲਾਫ਼ ਲਗਭਗ ਇੱਕ ਸਾਲ ਬਾਅਦ ਵਿਜੀਲੈਂਸ ਨੇ ਕੇਸ ਦਰਜ ਕਰ ਲਿਆ ਹੈ। ਨਰਿੰਦਰ ਸਿੰਘ ਨੇ ਇਹ ਰਿਸ਼ਵਤ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਰਣਜੀਤ ਕੌਰ ਦੇ ਪੁੱਤਰ ਤੋਂ ਮੰਗੀ ਸੀ। ਰਣਜੀਤ ਕੌਰ ਦੇ ਪੁੱਤਰ ਅਮਨਦੀਪ ਸਿੰਘ ਨੇ ਪੈਸੇ ਦੀ ਮੰਗ ਕਰਦਿਆਂ ਵੀਡੀਓ ਬਣਾਉਣ ਤੋਂ ਬਾਅਦ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ। ਰਿਟਾਇਰਮੈਂਟ ਤੋਂ ਲਗਭਗ ਸੱਤ ਮਹੀਨੇ ਪਹਿਲਾਂ ਹੀ ਨਰਿੰਦਰ ਸਿੰਘ ‘ਤੇ ਪੰਜਾਹ ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਅਜੇ ਦੋਸ਼ੀ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਜਦੋਂਕਿ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਮੁਅੱਤਲ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਦਫ਼ਤਰ ਦੀਆਂ ਹਦਾਇਤਾਂ ’ਤੇ ਮੁਲਜ਼ਮ ਐਸਆਈ ਨਰਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਡੀਐਸਪੀ ਬਣਦੀ ਕਾਰਵਾਈ ਹੋ ਰਹੀ ਹੈ।
ਦੱਸਣਯੋਗ ਹੈ ਕਿ ਨਵੰਬਰ 2018 ਨੂੰ ਥਾਣਾ ਸਿਟੀ ਰਾਜਪੁਰਾ ਵਿਖੇ ਬਲਬੀਰ ਸਿੰਘ ਨਿਵਾਸੀ ਪਿੰਡ ਸੈਦਖੇੜੀ ਦੀ ਸ਼ਿਕਾਇਤ ’ਤੇ ਕਰਮਜੀਤ ਸਿੰਘ ਨਿਵਾਸੀ ਅਜੀਤ ਨਗਰ ਅਤੇ ਰਣਜੀਤ ਕੌਰ ਉਰਫ ਰਾਣੀ ਨਿਵਾਸੀ ਰਣਜੀਤ ਨਗਰ ਸਿਉਂਣਾ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਦੋਵਾਂ ‘ਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਬਲਬੀਰ ਸਿੰਘ ਦੇ ਪੁੱਤਰ ਅਮਰਜੀਤ ਸਿੰਘ ਨੂੰ ਜਰਮਨ ਭੇਜਣ ਬਦਲੇ 9 ਲੱਖ ਰੁਪਏ ਵਿਚ ਸੌਦਾ ਕੀਤਾ ਸੀ, ਜਿਸ ਤੋਂ ਬਾਅਦ ਮੁਲਜ਼ਮ ਨੇ ਪੰਜ ਲੱਖ ਰੁਪਏ ਲੈ ਲਏ।
ਪੰਜ ਲੱਖ ਰੁਪਏ ਲੈਣ ਤੋਂ ਬਾਅਦ, ਅਮਰਜੀਤ ਨੂੰ ਰੂਸ ਭੇਜ ਦਿੱਤਾ ਗਿਆ, ਜਿੱਥੇ ਉਸ ਨੂੰ ਭੁੱਖਾ ਰਖਦੇ ਹੋਏ ਪ੍ਰੇਸ਼ਾਨ ਕੀਤਾ ਗਿਆ। ਜਦੋਂ ਉਨ੍ਹਾਂ ਨੇ ਮੁਲਜ਼ਮ ਨਾਲ ਲੜਕੇ ਨੂੰ ਜਰਮਨ ਪਹੁੰਚਾਉਣ ਲਈ ਗੱਲ ਕੀਤੀ ਤਾਂ ਇਨ੍ਹਾਂ ਲੋਕਾਂ ਦੁਬਾਰਾ ਪੈਸੇ ਲੈ ਗਏ। ਆਖਿਰਕਾਰ ਪੀੜਤ ਨੇ ਪੁਲਿਸ ਵਿੱਚ ਸ਼ਿਕਾਇਤ ਕਰ ਦਿੱਤੀ ਗਈ, ਇਸਦੀ ਪੜਤਾਲ ਕਰਨ ਤੋਂ ਬਾਅਦ ਰਣਜੀਤ ਅਤੇ ਕਰਮਜੀਤ ਖਿਲਾਫ ਕੇਸ ਦਰਜ ਕੀਤਾ ਗਿਆ। ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਛਾਪਾ ਮਾਰਿਆ ਅਤੇ ਰਣਜੀਤ ਦੇ ਬੇਟੇ ਨੇ ਜਾਂਚ ਅਧਿਕਾਰੀ ਐਸਆਈ ਨਰਿੰਦਰ ਸਿੰਘ ਨਾਲ ਗੱਲ ਕੀਤੀ। ਅਮਨਦੀਪ ਸਿੰਘ ਨੇ ਦੋਸ਼ ਲਾਇਆ ਸੀ ਕਿ ਨਰਿੰਦਰ ਸਿੰਘ ਨੇ ਉਸ ਤੋਂ ਦੋ ਲੱਖ ਰੁਪਏ ਮੰਗੇ ਅਤੇ ਕਿਹਾ ਕਿ ਕੁਝ ਪੈਸੇ ਸ਼ਿਕਾਇਤਕਰਤਾ ਧਿਰ ਨੂੰ ਦੇਣੇ ਪੈਣੇ ਹਨ, ਤਾਂ ਜੋ ਸਮਝੌਤਾ ਕਰਕੇ ਐਫਆਈਆਰ ਨੂੰ ਖਾਰਿਜ ਕਰ ਦਿੱਤਾ ਜਾਵੇਗਾ। ਦੋਵਾਂ ਪਾਸਿਆਂ ਦੇ ਸਮਝੌਤੇ ਤੋਂ ਬਾਅਦ ਨਰਿੰਦਰ ਸਿੰਘ ਨੇ ਪੰਜਾਹ ਹਜ਼ਾਰ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਵਿਜੀਲੈਂਸ ਵਿੱਚ ਸ਼ਿਕਾਇਤ ਕੀਤੀ ਗਈ।
ਦੱਸਣਯੋਗ ਹੈ ਕਿ ਐਸਆਈ ਨਰਿੰਦਰ ਸਿੰਘ ਨੂੰ ਅਗਸਤ 2018 ਵਿੱਚ ਵਿਵਾਦ ਤੋਂ ਬਾਅਦ ਮੁਅੱਤਲ ਰਹੇ ਸਨ। ਨਰਿੰਦਰ ਸਿੰਘ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਸਨੌਰ ਦੇ ਗੁਰਦੁਆਰਾ ਸਾਹਿਬ ਜਾ ਰਹੇ ਸਿੱਖ ਨੌਜਵਾਨਾਂ ਨੂੰ ਨਾਕੇ ’ਤੇ ਰੋਕਣ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਲਿਜਾ ਕੇ ਨਗਨ ਕਰਕੇ ਕੁੱਟਿਆ ਗਿਆ ਸੀ। ਘਟਨਾ ਦੀ ਵੀਡੀਓ ਵੀ ਵਾਇਰਲ ਹੋਈ, ਜਿਸ ਤੋਂ ਬਾਅਦ ਨਰਿੰਦਰ ਸਿੰਘ ਨੂੰ ਤੁਰੰਤ ਸਾਬਕਾ ਐਸਐਸਪੀ ਜ਼ਿਲ੍ਹਾ ਪੁਲਿਸ ਮਨਦੀਪ ਸਿੱਧੂ ਨੇ ਮੁਅੱਤਲ ਕਰ ਦਿੱਤਾ। ਨਰਿੰਦਰ ਸਿੰਘ ਖਿਲਾਫ ਪੁਲਿਸ ਕੇਸ ਵੀ ਦਰਜ ਕੀਤਾ ਗਿਆ ਸੀ। ਬਾਅਦ ਵਿਚ ਉਸ ਨੂੰ ਜ਼ਬਰਦਸਤੀ ਰਿਟਾਇਰ ਕੀਤਾ ਗਿਆ, ਪਰ ਨਿਆਂਇਕ ਜਾਂਚ ਤੋਂ ਬਾਅਦ ਉਸ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ ਸੀ। ਬਹਾਲੀ ਤੋਂ ਬਾਅਦ ਨਰਿੰਦਰ ਸਿੰਘ ਨੂੰ ਏਐਸਆਈ ਤੋਂ ਐਸਆਈ ਦੀ ਤਰੱਕੀ ਦੇ ਬਾਅਦ ਰਾਜਪੁਰਾ ਵਿੱਚ ਨਿਯੁਕਤ ਕੀਤਾ ਗਿਆ ਸੀ।