ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ‘ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਾਲ ਹਲਕਾ ਫ਼ਿਰੋਜ਼ਸ਼ਾਹ ਵਿਖੇ ਤਾਇਨਾਤ ਮਾਲ ਪਟਵਾਰੀ ਸਨੀ ਸ਼ਰਮਾ ਵਿਰੁੱਧ 3,000 ਰੁਪਏ ਰਿਸ਼ਵਤ ਲੈਣ ਅਤੇ ਪੇਟੀਐਮ ਐਪ ਰਾਹੀਂ 2,000 ਰੁਪਏ ਹੋਰ ਦੀ ਮੰਗਣ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਇਹ ਮਾਮਲਾ ਰਛਪਾਲ ਸਿੰਘ ਵਾਸੀ ਪਿੰਡ ਸੈਦੋਕੇ, ਜ਼ਿਲ੍ਹਾ ਫਰੀਦਕੋਟ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਹੈ ਕਿ ਉਕਤ ਪਟਵਾਰੀ ਨੇ ਉਸ ਦੇ ਜੀਜੇ ਦੀ ਜ਼ਮੀਨ ਦੀ ਮਾਲਕੀ ਧੋਖੇ ਨਾਲ ਬਦਲੇ ਜਾਣ ਸਬੰਧੀ ਮਾਲ ਰਿਕਾਰਡ ‘ਚ ਸੋਧ ਕਰਨ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਉਸ ਨੇ ਅੱਗੇ ਦੋਸ਼ ਲਾਇਆ ਕਿ ਉਕਤ ਪਟਵਾਰੀ ਨੇ ਪਹਿਲਾਂ ਹੀ ਉਸ ਤੋਂ ਰਿਸ਼ਵਤ ਵਜੋਂ 3000 ਰੁਪਏ ਲੈ ਲਏ ਹਨ ਅਤੇ 2000 ਰੁਪਏ ਦੀ ਦੂਜੀ ਕਿਸ਼ਤ ਉਸ ਦੇ ਪੇਟੀਐਮ ਖਾਤੇ ਵਿੱਚ ਪਾਉਣ ਲਈ ਕਿਹਾ ਹੈ। ਸ਼ਿਕਾਇਤਕਰਤਾ ਨੇ ਉਕਤ ਪਟਵਾਰੀ ਵੱਲੋਂ ਰਿਸ਼ਵਤ ਲੈਣ ਦੀ ਕੀਤੀ ਗਈ ਮੰਗ ਦੀ ਰਿਕਾਰਡਿੰਗ ਵੀ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪੀ ਹੈ।
ਵਿਜੀਲੈਂਸ ਵੱਲੋਂ ਜਾਂਚ ਕੀਤੀ ਗਈ ਤੇ ਦੋਸ਼ਾਂ ਨੂੰ ਸਹੀ ਪਾਇਆ। ਮੁਲਜ਼ਮ ਖਿਲਾਫ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ –