Case registered on DSP in Patiala : ਪਟਿਆਲਾ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਦੇ ਡਿਪਟੀ ਸੁਪਰਡੈਂਟ (ਡੀਐਸਪੀ) ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ ’ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਪਟਿਆਲਾ ਦੇ ਮੇਅਰ ਦੀ ਸਰਕਾਰੀ ਰਿਹਾਇਸ਼ ‘ਤੇ ਤਾਇਨਾਤ ਇਕ ਸੁਰੱਖਿਆ ਗਾਰਡ ਨੂੰ ਕੁੱਟਿਆ ਸੀ, ਜਿਸ ਅਧੀਨ ਦੋਸ਼ੀ ਡੀਐਸਪੀ ਹਰਦੀਪ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 452, 323 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਡੀਐਸਪੀ ਹਰਦੀਪ ਸਿੰਘ ’ਤੇ ਮੇਅਰ ਦੇ ਕੁੱਤੇ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਗਾਰਡ ਨੂੰ ਕਥਿਤ ਤੌਰ ‘ਤੇ ਕੁੱਟ ਦਿੱਤਾ ਸੀ,’ ਜਿਸ ਦੇ ਚੱਲਦਿਆਂ ਝਗੜਾ ਵੱਧ ਗਿਆ। ਇਹ ਘਟਨਾ ਕਥਿਤ ਤੌਰ ‘ਤੇ ਮੇਅਰ ਸੰਜੀਵ ਸ਼ਰਮਾ ਦੀ ਸਰਕਾਰੀ ਰਿਹਾਇਸ਼ ਦੇ ਅੰਦਰ ਵਾਪਰੀ ਹੈ। ਸ਼ਿਕਾਇਤਕਰਤਾ ਹਰਚਰਨ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਕੁੱਤੇ ਨੇ ਡੀਐਸਪੀ ’ਤੇ ਹਮਲਾ ਕੀਤਾ ਤਾਂ ਉਹ ਬਹੁਤ ਹੀ ਭੜਕ ਉਠਿਆ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਉਸ ਨੂੰ ਕੁੱਟ ਦਿੱਤਾ। ਘਟਨਾ ਤੋਂ ਬਾਅਦ ਡੀਐਸਪੀ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ ਜਿਥੇ ਉਸ ਨੇ ਕਥਿਤ ਤੌਰ ‘ਤੇ ਹੰਗਾਮਾ ਕਰ ਦਿੱਤਾ। ਪਟਿਆਲਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।