Chandigarh administration closed these : ਚੰਡੀਗੜ੍ਹ : ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦਾ ਅਸਰ ਤਿਉਹਾਰਾਂ ‘ਤੇ ਪੈ ਰਿਹਾ ਹੈ। ਇਸ ਵਾਰ ਕੋਰੋਨਾ ਦੇ ਚੱਲਦਿਆਂ ਚੰਡੀਗੜ੍ਹ ਦੇ ਲੋਕਾਂ ਦਾ ਹੋਲੀ ਦਾ ਤਿਉਹਾਰ ਵੀ ਫਿੱਕਾ ਪੈਂਦਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਹੋਲੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ, ਜਿਸ ਅਧੀਨ ਸ਼ਹਿਰ ਦੇ ਸਾਰੇ ਪਾਰਕ, ਸੁਖਨਾ ਝੀਲ ਅਤੇ ਸੈਕਟਰ-17 ਪਲਾਜ਼ਾ ਜਨਤਾ ਲਈ ਬੰਦ ਕਰ ਦਿੱਤੇ ਗਏ ਹਨ। ਇੱਥੇ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਪਾਬੰਦੀ ਰਹੇਗੀ।
ਇਹ ਹੁਕਮ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਪਰਿਦਾ ਵਲੋਂ ਜਾਰੀ ਕੀਤੇ ਗਏ ਹਨ। ਪ੍ਰਸ਼ਾਸਨ ਨੇ ਇਹ ਹੁਕਮ ਚੰਡੀਗੜ੍ਹ ਵਿੱਚ ਵਧ ਰਹੇ ਕੋਰਨਾ ਦੇ ਮਾਮਲਿਆਂ ਚੱਲਦਿਆਂ ਲਿਆ ਹੈ, ਜਿਸ ਅਧੀਨ ਪ੍ਰਸ਼ਾਸਨ ਨੇ ਜਨਤਕ ਥਾਵਾਂ ’ਤੇ ਪਹਿਲਾਂ ਹੀ ਹੋਲੀ ਮਨਾਉਣ ’ਤੇ ਪਾਬੰਦੀਆਂ ਲਗਾਈਆਂ ਹਨ ਅਤੇ ਲੋਕਾਂ ਨੂੰ ਘਰ ਵਿੱਚ ਰਹਿ ਕੇ ਕੋਰੋਨਾ ਪ੍ਰੋਟੋਕਾਲਾਂ ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਹੋਲੀ ਮਨਾਉਣ ਲਈ ਕਿਹਾ ਹੈ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀ ਪੱਖੋਂ ਹੁਣ ਪ੍ਰਸ਼ਾਸਨ ਨੇ ਸਾਰੇ ਸਰਕਾਰੀ ਪਾਰਕ, ਸੁਖਨਾ ਲੇਕ ਦਾ ਇਲਾਕਾ ਤੇ ਸੈਕਟਰ-17 ਪਲਾਜ਼ਾ ਨੂੰ ਵੀ ਹੋਲੀ ਦਾ ਤਿਉਹਾਰ ਮਨਾਉਣ ਲਈ ਬੰਦ ਕਰ ਦਿੱਤਾ ਹੈ। ਹੋਲੀ ਵਾਲੇ ਦਿਨ 29 ਮਾਰਚ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇਨ੍ਹਾਂ ਥਾਵਾਂ ’ਤੇ ਆਮ ਲੋਕਾਂ ਦੇ ਦਾਖਲ ਹੋਣ ’ਤੇ ਪਾਬੰਦੀ ਰਹੇਗੀ। ਚੰਡੀਗੜ੍ਹ ਪੁਲਿਸ ਤੇ ਨਗਰ ਨਿਗਮ ਨੂੰ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਵਿਡ ਨੂੰ ਲੈ ਕੇ ਪਹਿਲਾਂ ਹੀ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ, ਜਿਸ ਮੁਤਾਬਕ ਸੁਖਨਾ ਲੇਕ, ਮਾਲਾਂ, ਬਾਜ਼ਾਰਾਂ ਅਤੇ ਮੰਡੀਆਂ ਵਿੱਚ ਕੋਵਿਡ ਨੂੰ ਲੈ ਕੇ ਨਿਯਮਾਂ ਵਿੱਚ ਸਖਤੀ ਵਰਤੀ ਜਾਏਗੀ। ਸਬਜ਼ੀਆਂ ਅਤੇ ਫਲ ਵੇਚਣ ਲਈ ਰੇਹੜੀਆਂ ਰਿਹਾਇਸ਼ੀ ਇਲਾਕਿਆਂ ਵਿਚ ਭੇਜੀਆਂ ਜਾਣਗੀਆਂ ਤਾਂ ਜੋ ਮੰਡੀਆਂ ਵਿਚ ਲੋਕਾਂ ਦੀ ਭੀੜ ਨਾ ਪਵੇ। ਚੰਡੀਗੜ੍ਹ ਵਿਚ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਅਤੇ ਰਾਜਨੀਤਿਕ ਇਕੱਠ ਅਤੇ ਇਥੋਂ ਤਕ ਕਿ ਵਿਆਹ ਦੇ ਪ੍ਰੋਗਰਾਮ ਲਈ ਡੀਸੀ ਤੋਂ ਇਜਾਜ਼ਤ ਲੈਣੀ ਪਵੇਗੀ। ਡੀਸੀ ਮਹਿਮਾਨਾਂ ਦੀ ਗਿਣਤੀ ਨਿਰਧਾਰਤ ਕਰੇਗਾ। ਵਿਆਹ ਸਮਾਗਮਾਂ, ਰਾਜਨੀਤਿਕ ਇਕੱਠਾਂ ਜਾਂ ਹੋਰ ਕਿਸਮਾਂ ਦੇ ਸਮਾਗਮਾਂ ਵਿਚ, ਪ੍ਰਬੰਧਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਰੇ ਮਹਿਮਾਨ ਮਾਸਕ ਪਾ ਕੇ ਆਉਣ। ਚੰਡੀਗੜ੍ਹ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰਦਰਸ਼ਨੀ ਅਤੇ ਮੇਲੇ ਲਗਾਉਣ ਦੀ ਮਨਾਹੀ ਹੋਵੇਗੀ। ਪਹਿਲਾਂ ਤੋਂ ਚੱਲ ਰਹੀ ਪ੍ਰਦਰਸ਼ਨੀ ਅਤੇ ਮੇਲੇ ਨੂੰ ਚਲਾਉਣ ਦੀ ਆਗਿਆ ਦਿੱਤੀ ਗਈ ਹੈ।