ਚੰਡੀਗੜ੍ਹ ਵਿੱਚ ਸ਼ਨੀਵਾਰ ਰਾਤ ਨੂੰ ਮੌਸਮ ਦਾ ਮਿਜਾਜ਼ ਇੱਕ ਵਾਰ ਫਿਰ ਬਦਲਿਆ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਰਾਤ ਨੂੰ ਆਏ ਤੂਫਾਨਾਂ ਕਾਰਨ ਸ਼ਹਿਰ ਨੂੰ ਬਹੁਤ ਨੁਕਸਾਨ ਹੋਇਆ ਹੈ। ਥਾਂ-ਥਾਂ ’ਤੇ ਦਰੱਖਤ ਡਿੱਗ ਗਏ ਹਨ। ਕਈ ਥਾਵਾਂ ‘ਤੇ ਵਾਹਨਾਂ ਦੇ ਉੱਪਰ ਦਰੱਖਤ ਡਿੱਗਣ ਕਾਰਨ ਵਾਹਨ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ ਬਿਜਲੀ ਖਰਾਬ ਹੋਣ ਕਾਰਨ ਕੁਝ ਖੇਤਰਾਂ ਵਿੱਚ ਅਜੇ ਵੀ ਹਨੇਰਾ ਛਾਇਆ ਹੋਇਆ ਹੈ। ਹਾਲਾਂਕਿ ਐਤਵਾਰ ਸਵੇਰੇ ਸ਼ਹਿਰ ਵਿਚ ਮੌਸਮ ਸਾਫ਼ ਹੈ ਅਤੇ ਧੁੱਪ ਨਿਕਲ ਆਈ ਹੈ।
ਰਾਤ ਲਗਭਗ ਪੌਣੇ ਗਿਆਰ੍ਹਾਂ ਵਜੇ ਸ਼ਹਿਰ ਵਿੱਚ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ। ਇਸ ਤੋਂ ਬਾਅਦ ਤੂਫਾਨ ਨੇ ਸ਼ਹਿਰ ਵਿਚ ਤਾਂਡਵ ਮਚਾ ਦਿੱਤਾ। ਹਵਾਵਾਂ 68.44 ਕਿਮੀ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੀਆਂ। ਇਸ ਤੋਂ ਬਾਅਦ ਤੇਜ਼ ਮੀਂਹ ਪੈਣਾ ਵੀ ਸ਼ੁਰੂ ਹੋ ਗਿਆ।
ਜਨਤਕ ਵਿਭਾਗ ਦੇ ਅਨੁਸਾਰ ਚੰਡੀਗੜ੍ਹ ਵਿੱਚ ਦੇਰ ਰਾਤ 12 ਵਜੇ ਤੱਕ 31 ਮਿਲੀਮੀਟਰ ਬਾਰਸ਼ ਹੋਈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਤੂਫਾਨ ਨੇ ਲੋਕਾਂ ਦੀਆਂ ਮੁਸੀਬਤਾਂ ਨੂੰ ਹੋਰ ਵਧਾ ਦਿੱਤਾ ਹੈ। ਤੇਜ਼ ਹਵਾਵਾਂ ਕਾਰਨ ਸ਼ਹਿਰ ਵਿਚ ਕਈ ਥਾਵਾਂ ਤੇ ਦਰੱਖਤ ਡਿੱਗ ਪਏ। ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਬਲੈਕ ਆਊਟ ਹੋ ਗਿਆ। ਸੈਕਟਰ-37 ਵਿੱਚ ਵਾਹਨਾਂ ਦੇ ਉਪਰ ਦਰੱਖਤ ਡਿੱਗਣ ਨਾਲ ਬਹੁਤ ਨੁਕਸਾਨ ਹੋਇਆ ਹੈ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।
ਤੂਫਾਨ ਦਾ ਪ੍ਰਭਾਵ ਚੰਡੀਗੜ੍ਹ ਸਮੇਤ ਸਮੁੱਚੀ ਟ੍ਰਾਈਸਿਟੀ ’ਚ ਵੇਖਣ ਨੂੰ ਮਿਲਿਆ ਹੈ। ਮੋਹਾਲੀ ਵਿੱਚ ਵੀ ਰੁੱਖਾਂ ਦੀਆਂ ਵੱਡੀਆਂ ਟਹਿਣੀਆਂ ਸੜਕਾਂ ’ਤੇ ਟੁੱਟ ਗਈਆਂ ਅਤੇ ਡਿੱਗ ਪਈਆਂ। ਪੰਚਕੂਲਾ ਦਾ ਵੀ ਇਹੀ ਹਾਲ ਹੈ। ਪੰਚਕੂਲਾ ਦੇ ਕੁਝ ਇਲਾਕਿਆਂ ਵਿੱਚ ਐਤਵਾਰ ਸਵੇਰੇ 9.30 ਵਜੇ ਤੱਕ ਬਿਜਲੀ ਦੀ ਸਪਲਾਈ ਬਹਾਲ ਨਹੀਂ ਹੋਈ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਦੀਆਂ ਸੜਕਾਂ ‘ਤੇ ਦਰੱਖਤ ਡਿੱਗਣ ਕਾਰਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਥਾਵਾਂ ‘ਤੇ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਸੜਕ ‘ਤੇ ਡਿੱਗੇ ਦਰੱਖਤਾਂ ਦੀਆਂ ਟਹਿਣੀਆਂ ਨੂੰ ਹਟਾਉਂਦੇ ਵੇਖੇ ਗਏ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਪੱਛਮੀ ਗੜਬੜੀ ਅਤੇ ਤੂਫਾਨੀ ਹਵਾਵਾਂ ਦੀ ਸੰਭਾਵਨਾ ਜ਼ਾਹਰ ਕੀਤੀ ਸੀ। ਇਸ ਦੇ ਨਾਲ ਹੀ ਪਹਾੜੀ ਇਲਾਕਿਆਂ ਵਿੱਚ ਵੀ ਰਾਤ ਨੂੰ ਮੀਂਹ ਪਿਆ ਹੈ। ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਤੇਜ਼ ਤੂਫਾਨ ਦੇ ਨਾਲ ਹਲਕੀ ਬਾਰਿਸ਼ ਹੋਈ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ ‘ਬਲੈਕ ਫੰਗਸ’ ਦਾ ਪ੍ਰਕੋਪ- ਤਿੰਨ ਦਿਨਾਂ ‘ਚ ਹੋਈਆਂ 4 ਮੌਤਾਂ
ਮੌਸਮ ਵਿਭਾਗ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਵੀ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਸ਼ਹਿਰ ਵਿਚ ਤੇਜ਼ ਹਵਾਲਾਂ ਚੱਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ। ਅਗਲੇ 24 ਤੋਂ 48 ਘੰਟਿਆਂ ਦੌਰਾਨ ਰੁਕ-ਰੁਕ ਕੇ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।