Charges framed against Bishop Franco Mulakkal : ਨਨ ਰੇਪ ਕੇਸ ਵਿਚ ਦੋਸ਼ੀ ਜਲੰਧਰ ਡਾਇਓਸਿਸ ਦੇ ਸਾਬਕਾ ਪਾਦਰੀ ਫ੍ਰੈਂਕੋ ਮੁਲੱਕਲ ਖਿਲਾਫ ਕੇਰਲ ਕੋੱਟਾਯੋਮ ਵਿਚ ਦੋਸ਼ ਤੈਅ ਹੋਏ ਹਨ। ਅਡਿਸ਼ਨਲ ਸੈਸ਼ਨ ਜੱਜ ਨੇ ਅਦਾਲਤ ਵਿਚ ਮੌਜੂਦ ਮੁਲੱਕਲ ਵਿਰੁੱਧ ਭਾਰਤੀ ਦੰਡ ਪ੍ਰਣਾਲੀ ਅਧੀਨ ਤੈਅ ਕੀਤੇ ਗਏ ਦੋਸ਼ਾਂ ਨੂੰ ਪੜ੍ਹ ਕੇ ਸੁਣਾਇਆ, ਹਾਲਾਂਕਿ ਇਸ ਦੌਰਾਨ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਪਾਦਰੀ ਨੇ ਇਨਕਾਰ ਕੀਤਾ। ਜ਼ਿਕਰਯੋਗ ਹੈ ਕਿ ਜੂਨ 2018 ਵਿਚ ਕੇਰਲ ਦੀ ਇਕ ਨਨ ਨੇ ਰੋਮਨ ਕੈਥੋਲਿਕ ਦੇ ਜਲੰਦਰ ਡਾਇਓਸਿਸ ਦੇ ਉਸ ਸਮੇਂ ਦੇ ਪਾਦਰੀ ਫ੍ਰੈਂਕੋ ਮੁਲੱਕਲ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਕੇਰਲ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਫ੍ਰੈਂਕੋ ਮੁਲੱਕਲ ਨੇ ਪਹਿਲਾਂ 2014 ਵਿਚ ਹਿਮਾਚਲ ਪ੍ਰਦੇਸ਼ ਦੇ ਇਕ ਗੈਸਟ ਹਾਊਸ ਵਿਚ ਉਸ ਦੇ ਨਾਲ ਰੇਪ ਕੀਤਾ। ਇਸ ਤੋਂ ਬਾਅਦ ਲਗਭਗ ਦੋ ਸਾਲਾਂ ਵਿਚ ਉਸ ਦਾ 14 ਵਾਰ ਯੌਨ ਸ਼ੋਸ਼ਣ ਕੀਤਾ ਗਿਆ। ਇਸ ਕੇਸ ਦੀ ਜਾਂਚ-ਪੜਤਾਲ ਲਈ ਕੇਰਲ ਪੁਲਿਸ ਨੇ ਕਈ ਵਾਰ ਜਲੰਧਰ ਆ ਕੇ ਫ੍ਰੈਂਕੋ ਤੋਂ ਪੁੱਛਗਿੱਛ ਕੀਤੀ ਸੀ।
19 ਸਤੰਬਰ 2019 ਨੂੰ ਜਦੋਂ ਕੇਰਲ ਪੁਲਿਸ ਨੇ ਫ੍ਰੈਂਕੋ ਨੂੰ ਜਾਂਚ ਲਈ ਉਥੇ ਬੁਲਾਇਆ ਤਾਂ ਉਸ ਨੇ ਇਸ ਤੋਂ ਪਹਿਲਾਂ ਹੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਤਿਆਗ ਦਿੱਤੀਆਂ ਸਨ। ਉਥੇ ਜਾਣ ਤੋਂ ਬਾਅਦ ਤਿੰਨ ਦਿਨ ਲਗਾਤਾਰ ਪੁੱਛ-ਗਿੱਛ ਚੱਲੀ, ਉਥੇ ਕੋਰਟ ਤੋਂ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਪੁਲਿਸ ਨੇ ਫ੍ਰੈਂਕੋ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ 3 ਅਕਤੂਬਰ 2019 ਨੂੰ ਹਾਈਕੋਰਟ ਨੇ ਮੁਲੱਕਲ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ। 15 ਅਕਤੂਬਰ ਨੂੰ ਮੁੜ ਇਸ ਮਾਮਲੇ ਵਿਚ ਕੇਰਲ ਹਾਈਕੋਰਟ ਵਿਚ ਸੁਣਵਾਈ ਹੋਈ ਤਾਂ ਕੁਝ ਸ਼ਰਤਾਂ ਨਾਲ ਫ੍ਰੈਂਕੋ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਗਈ ਸੀ। ਜ਼ਮਾਨਤ ਦਿੰਦੇ ਅਦਾਲਤ ਨੇ ਮਾਮਲੇ ਦੀ ਸੁਣਵਾਈ ’ਤੇ ਹਾਜ਼ਰ ਰਹਿਣ ਦੀਆਂ ਹਿਦਾਇਤਾਂ ਦਿੱਤੀਆਂ ਸਨ। ਅਕਤੂਬਰ 2019 ਵਿਚ ਹੀ ਮਾਮਲੇ ਦੀ ਜਾੰਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਦੋਸ਼ ਪੱਤਰ ਦਾਖਿਲ ਕੀਤਾ ਸੀ ਤੇ ਨਾਲ ਹੀ 83 ਗਵਾਹਾਂ ਦੇ ਬਿਆਨ ਦਰਜ ਕੀਤੇ ਸਨ। ਉਥੇ ਲੈਪਟਾਪ, ਮੋਬਾਈਲ ਫੋਨ ਅਤੇ ਮੈਡੀਕਲ ਟੈਸਟ ਸਣੇ ਕੁਲ 30 ਸਬੂਤ ਇਕੱਠਾ ਕੀਤੇ ਗਏ। ਹਾਲਾਂਕਿ, ਮੁਲੱਕਲ ਵੱਲੋਂ ਲੈਪਟਾਪ ਸੌਂਪਣ ਤੋਂ ਇਨਕਾਰ ਕਰ ਦਿੱਤੇ ਜਾਣ ਦੇ ਬਾਵਜੂਦ ਪੁਲਿਸ ਨੇ ਸਬੂਤ ਮਿਟਾਉਣ ਦੇ ਦੋਸ਼ ਵਿਚ ਕੋਈ ਕੇਸ ਦਰਜ ਨਹੀਂ ਕੀਤਾ ਸੀ।
ਮਿਲੀ ਜਾਣਕਾਰੀ ਮੁਤਾਬਕ ਜਾਂਚ ਦਲ ਵੱਲੋਂ ਲਗਭਗ ਇਕ ਸਾਲ ਪਹਿਲਾਂ ਦਾਖਿਲ ਕੀਤੇਗਏ ਦੋਸ਼ ਪੱਤਰ ਦੇ ਆਧਾਰ ’ਤੇ ਹੀ ਸ਼ੁੱਕਰਵਾਰ ਨੂੰ ਅਦਾਲਤ ਵਿਚ ਸਾਬਕਾ ਬਿਸ਼ਪ ਖਿਲਾਫ ਬੰਧਕ ਬਣਾਉਣ, ਗੈਰ-ਕੁਦਰਤੀ ਯੌਨ ਸ਼ੋਸ਼ਣ, ਯੌਨ ਸਬੰਧ ਬਣਾਉਣ, ਯੌਨ ਸਬੰਧ ਦਾ ਅਧਿਕਾਰ ਜਤਾਉਣ ਤੇ ਅਪਰਾਧਿਕ ਧਮਕੀ ਦੇ ਦੋਸ਼ਾਂ ਹੇਠ ਮੁਕੱਦਮੀ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਹਾਲਾਂਕਿ ਮੁਲੱਕਲ ਨੇ ਅਜੇ ਵੀ ਅਦਾਲਤ ਵਿਚ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।