Chief Minister meets Noorpreet Kaur : ਚੰਡੀਗੜ੍ਹ : ਸੋਸ਼ਲ ਮੀਡੀਆ ’ਤੇ ਸਾਰਿਆਂ ਨੂੰ ਆਪਣੀਆਂ ਵੀਡੀਓਜ਼ ਨਾਲ ਹਸਾਉਣ ਵਾਲੀ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਵਾਲੀ 5 ਸਾਲਾ ਕਲਾਕਾਰ ਨੂਰਪ੍ਰੀਤ ਕੌਰ ਜਿਥੇ ਸਾਰਿਆਂ ਦੇ ਦਿਲਾਂ ’ਤੇ ਰਾਜ ਕਰਦੀ ਹੈ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਉਸ ਦਾ ਜਾਦੂ ਚੱਲਿਆ ਹੋਇਆ ਹੈ। ਇਸੇ ਕਾਰਨ ਨੰਨ੍ਹੀ ਕਲਾਕਾਰ ਨਾਲ ਦੀਵਾਲੀ ਦਾਂ ਖੁਸ਼ੀਆਂ ਸਾਂਝੀਆਂ ਕਰਨ ਲਈ ਅੱਜ ਮੁੱਖ ਮਤੰਰੀ ਨੂਰਪ੍ਰੀਤ ਕੌਰ ਅਤੇ ਉਸ ਦੀ ਭੈਣ ਜਸ਼ਨਪ੍ਰੀਤ ਕੌਰ ਨੂੰ ਮਿਲੇ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ। ਆਪਣੀ ਸਰਕਾਰੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਖੁਸ਼ੀਆਂ ਦਾ ਆਦਾਨ-ਪ੍ਰਦਾਨ ਕਰਦਿਆਂ ਮੁੱਖ ਮੰਤਰੀ ਨੇ ਦੋਵੇਂ ਲੜਕੀਆਂ ਨੂੰ ਮਠਿਆਈ ਭੇਟ ਕੀਤੀ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਨੂਰ ਅਤੇ ਉਸਦੀ ਭੈਣ ਨੂੰ ਮਿਲੇ ਅਤੇ ਉਨ੍ਹਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ।
ਦੱਸਣਯੋਗ ਹੈ ਕਿ ਵੀਡੀਓ ਵਿੱਚ ਪਟਕੇ ਵਿੱਚ ਨਜ਼ਰ ਆਉਣਵਾਲੀ 5 ਸਾਲਾ ਨੂਰ ਅਸਲ ਵਿੱਚ ਇੱਕ ਲੜਕੀ ਹੈ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਹੈ। ਸੋਸ਼ਲ ਪਲੇਟਫਾਰਮਾਂ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਇੰਨੀ ਛੋਟੀ ਉਮਰ ਵਿੱਚ ਨੂਰ ਦੇ ਲੱਖਾਂ ਚਾਹੁਣ ਵਾਲੇ ਹਨ। ਉਸ ਨੂੰ ਹਾਸੇ-ਮਜ਼ਾਕ ਰਾਹੀਂ ਸਮਾਜਿਕ ਸੰਦੇਸ਼ ਦੇਣ ਲਈ ਵੀ ਜਾਣਿਆ ਜਾਂਦਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਇਨ੍ਹਾਂ ਦੋਹਾਂ ਭੈਣਾਂ ਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਦੇ ਸੁਖਦੀਪ ਸਿੰਘ ਅਤੇ ਵਰਨਦੀਪ ਸਿੰਘ ਵੀ ਨਜ਼ਰ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਨੂਰਪ੍ਰੀਤ ਕੌਰ ਨੂੰ ਰੱਖੜੀ ਦੇ ਮੌਕੇ ‘ਤੇ ਮਿਲਣਾ ਸੀ। ਨੂਰ ਨੇ ਵੀ ਮੁੱਖ ਮੰਤਰੀ ਨੂੰ ਰੱਖੜੀ ਬੰਨਣ ਦਾ ਮਨ ਬਣਾਇਆ ਸੀ ਪਰ ਉਸ ਸਮੇਂ ਨੂਰ ਕੋਰੋਨਾ ਵਾਇਰਸ ਦੀ ਸ਼ਿਕਾਰ ਹੋ ਗਈ ਸੀ ਅਤੇ ਮੁੱਖ ਮੰਤਰੀ ਨੂੰ ਮਿਲ ਨਹੀਂ ਸਕੀ ਸੀ। ਹਾਲਾਂਕਿ, ਮੁੱਖ ਮੰਤਰੀ ਨੇ ਉਸ ਸਮੇਂ ਉਸ ਨੂੰ ‘ਸ਼ਗਨ’ ਭੇਜਿਆ ਸੀ। ਹੁਣ ਦੀਵਾਲੀ ਦੇ ਤਿਉਹਾਰ ਮੌਕੇ ਹੁਣ ਉਸ ਨਾਲ ਖੁਸ਼ੀਆਂ ਸਾਂਝੀਆਂ ਕਰਨ ਲਈ ਮੁੱਖ ਮੰਤਰੀ ਨੇ ਨੂਰਪ੍ਰੀਤ ਨਾਲ ਮੁਲਾਕਾਤ ਕੀਤੀ। ਦੱਸ ਦੇਈਏ ਕਿ ਕੋਰੋਨਾ ਕਾਲ ਵਿੱਚ ਨੂਰਪ੍ਰੀਤ ਨੇ ਟਿਕ-ਟੌਕ ‘ਤੇ ਵੀਡੀਓਜ਼ ਬਣਾ ਕੇ ਲੋਕਾਂ ਨੂੰ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਨ ਦੇ ਬਹੁਤ ਹੀ ਮਨੋਰੰਜਕ ਢੰਗ ਨਾਲ ਸੰਦੇਸ਼ ਵੀ ਦਿੱਤੇ ਸਨ।