Chief Minister supports opening : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਮਾਰੀ ਕਾਰਨ ਬੀਤੇ ਸੱਤ ਮਹੀਨਿਆਂ ਤੋਂ ਬੰਦ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੀ ਹਿਮਾਇਤ ਕੀਤੀ ਹੈ ਪਰ ਇਸ ਦਾ ਅੰਤਿਮ ਫੈਸਲਾ ਕੇਂਦਰ ਸਰਕਾਰ ‘ਤੇ ਹੀ ਛੱਡਿਆ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਪੱਖ ਵਿੱਚ ਹਨ ਪਰ ਇਸ ਦਾ ਫੈਸਲਾ ਕੇਂਦਰ ਸਰਕਾਰ ’ਤੇ ਹੀ ਛੱਡਿਆ ਗਿਆ ਹੈ, ਜਿਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਤੇ ਕੋਵਿਡ-19 ਦੀ ਸਥਿਤੀ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਫੈਸਲਾ ਲੈਣਾ ਚਾਹੀਦਾ ਹੈ।
ਦੱਸਣਯੋਗ ਹੈ ਕਿ ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਨ ਦਾ ਫੈਸਲਾ ਭਾਰਤ ਵਿਚ ਕੋਰੋਨਾਵਾਇਰਸ ਦੇ ਖਤਰੇ ਦੇ ਮੱਦੇਨਜ਼ਰ 15 ਮਾਰਚ ਨੂੰ ਲਿਆ ਗਿਆ ਸੀ। ਇਹ ਪਹਿਲਾਂ 31 ਮਾਰਚ ਤੱਕ ਬੰਦ ਸੀ, ਪਰ ਬਾਅਦ ਵਿੱਚ ਇਹ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਹਾਲਾਂਕਿ, 29 ਜੂਨ ਨੂੰ ਸ਼ੇਰ-ਏ-ਹਿੰਦੁਸਤਾਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਪਾਕਿਸਤਾਨ ਕਾਰੀਡੋਰ ਨੂੰ ਖੋਲ੍ਹਣ ਦੀ ਗੱਲ ਕਹੀ ਗਈ ਸੀ। ਉਸ ਸਮੇਂ, ਭਾਰਤ ਸਰਕਾਰ ਨੇ ਇਸ ਨੂੰ ਇੱਕ ਧੋਖਾ ਕਹਿੰਦੇ ਹੋਏ ਇਸ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਸੀ।
ਦੱਸ ਦੇਈਏ ਕਿ ਪਾਕਿਸਤਾਨ ਦੇ ਨਾਰੋਵਾਲ ਜ਼ਿਲੇ ਵਿਚ ਰਾਵੀ ਨਦੀ ਦੇ ਨਜ਼ਦੀਕ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਇਤਿਹਾਸ 500 ਸਾਲ ਤੋਂ ਵੀ ਪੁਰਾਣਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦੀ ਸਥਾਪਨਾ 1522 ਵਿਚ ਸਿੱਖਾਂ ਦੇ ਗੁਰੂ ਨਾਨਕ ਦੇਵ ਦੁਆਰਾ ਕੀਤੀ ਗਈ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਇਥੇ ਬਿਤਾਏ। ਲਾਹੌਰ ਤੋਂ ਕਰਤਾਰਪੁਰ ਸਾਹਿਬ ਦੀ ਦੂਰੀ 120 ਕਿਲੋਮੀਟਰ ਹੈ ਅਤੇ ਇਹ ਗੁਰਦਾਸਪੁਰ ਖੇਤਰ ਵਿਚ ਭਾਰਤੀ ਸਰਹੱਦ ਤੋਂ ਲਗਭਗ 7 ਕਿਲੋਮੀਟਰ ਦੀ ਦੂਰੀ ‘ਤੇ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਅਤੇ ਪਾਕਿਸਤਾਨ ਦੇ ਕਰਤਾਰਪੁਰ ਸਥਿਤ ਪਵਿੱਤਰ ਗੁਰੂਘਰ ਨੂੰ ਜੋੜਨ ਲਈ ਇੱਕ ਲਾਂਘਾ ਬਣਾਉਣ ਦਾ ਫੈਸਲਾ ਕੀਤਾ ਸੀ। ਕਰਤਾਰਪੁਰ ਲਾਂਘੇ ਦੀ ਨੀਂਹ 2018 ਵਿੱਚ ਰੱਖੀ ਗਈ ਸੀ। ਭਾਰਤ ਵਿਚ 26 ਨਵੰਬਰ ਅਤੇ ਪਾਕਿਸਤਾਨ ਵਿਚ 28 ਨਵੰਬਰ ਨੂੰ ਨੀਂਹ ਪੱਥਰ ਰੱਖਿਆ ਗਿਆ ਸੀ। ਇਸ ਤੋਂ ਬਾਅਦ, ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ 9 ਨਵੰਬਰ 2019 ਨੂੰ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ।