ਜਲੰਧਰ ਦੀ ਬਸਤੀ ਦਾਨਿਸ਼ਮੰਦਾ ਦੀ ਗ੍ਰੀਨ ਵੈਲੀ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਇਥੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆਉਣ ਨਾਲ 13 ਸਾਲ ਦਾ ਬੱਚਾ ਬੁਰੀ ਤਰ੍ਹਾਂ ਝੁਲਸ ਗਿਆ।
75 ਫੀਸਦੀ ਝੁਲਸੀ ਹਾਲਤ ਵਿੱਚ ਇਲਾਜ ਲਈ ਬੱਚੇ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਕਿਸੇ ਕੰਮ ਲਈ ਘਰ ਦੀ ਛੱਤ ‘ਤੇ ਗਿਆ ਸੀ ਕਿ ਉਹ ਕੋਲੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆ ਗਿਆ।
ਇਹ ਘਟਨਾ ਸ਼ਾਮ ਕਰੀਬ ਸਾਢੇ ਪੰਜ ਵਜੇ ਵਾਪਰੀ। ਗ੍ਰੀਨ ਵੈਲੀ ਵਿੱਚ 13 ਸਾਲਾ ਹਰਸ਼ ਘਰ ਦੀ ਦੂਸਰੀ ਮੰਜ਼ਿਲ ਦੀ ਬਾਲਕਾਨੀ ਦੇ ਕੋਲੋਂ ਲੰਘ ਰਹੀ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆਇਆ।
ਹਰਸ਼ ਦੀ ਮਾਂ ਰਾਣੀ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਬਸਤੀ ਦਾਨਿਸ਼ਮੰਦਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਹੈ। ਉਹ ਸ਼ਹਿਰ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦੀ ਹੈ ਅਤੇ ਉਸਦਾ ਪਤੀ ਦੁਬਈ ਵਿੱਚ ਕੰਮ ਕਰਦਾ ਹੈ। ਉਹ ਆਪਣੀਆਂ ਦੋ ਬੇਟੀਆਂ ਅਤੇ ਇੱਕ ਬੇਟੇ ਦੇ ਨਾਲ ਘਰ ਵਿੱਚ ਰਹਿੰਦੀ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ : ਜਲੰਧਰ ’ਚ 100 ਰੁਪਏ ਪ੍ਰਤੀ ਲੀਟਰ ਦੇ ਨੇੜੇ ਪਹੁੰਚਿਆ ਪੈਟਰੋਲ
ਉਹ ਸ਼ਨੀਵਾਰ ਸ਼ਾਮ ਕਰੀਬ 5.30 ਵਜੇ ਆਪਣੇ ਕੰਮ ‘ਤੇ ਗਈ ਸੀ। ਇਸ ਦੌਰਾਨ ਕਿਸੇ ਨੇ ਉਸਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਸ ਦਾ ਬੇਟਾ ਹਰਸ਼ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆ ਗਿਆ ਹੈ। ਉਸਦੇ ਮਕਾਨ ਮਾਲਕ ਨੇ ਜਲਦੀ ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।