Cinema halls not yet open : ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਬੰਦ ਪਏ ਮਲਟੀਪਲੈਕਸ, ਸਿਨੇਮਾ ਹਾਲ ਅਤੇ ਮਨੋਰੰਜਨ ਪਾਰਕ ਅਜੇ ਨਹੀਂ ਖੋਲ੍ਹੇ ਜਾਣਗੇ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਵਿੱਚ ਕੋਰੋਨਾ ਮਹਾਮਾਰੀ ਦੀ ਸਮੀਖਿਆ ਲਈ ਹੋਈ ਮੀਟਿੰਗ ਦੌਰਾਨ ਲਿਆ ਹੈ। ਹਾਲਾਂਕਿ ਨਵਰਾਤਰਿਆਂ ਦੌਰਾਨ ਰਾਮ ਲੀਲਾ ਦੇ ਮੰਚਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਲਈ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦਿੱਤੀ।
ਦੱਸਣਯੋਗ ਹੈ ਕਿ ਇਹ ਸਿਨੇਮਾ ਘਰ ਤੇ ਥੀਏਟਰ ਅੱਜ ਲਗਭਗ 7 ਮਹੀਨਿਆਂ ਬਾਅਦ ਖੁੱਲ੍ਹਣ ਜਾ ਰਹੇ ਸਨ। ਪਰ ਕੋਰੋਨਾ ਮਹਾਮਾਰੀ ਦੇ ਪੰਜਾਬ ਵਿੱਚ ਪ੍ਰਭਾਵ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਅਜੇ ਸਿਨੇਮਾ ਘਰਾਂ, ਮਲਟੀਪਲੈਕਸਾਂ ਤੇ ਮਨੋਰੰਜਨ ਪਾਰਕਾਂ ਆਦਿ ’ਤੇ ਪਾਬੰਦੀਆਂ ਬਣਾਈ ਰਖਣ ਦਾ ਫੈਸਲਾ ਕੀਤਾ ਹੈ ਅਤੇ ਸਪੱਸ਼ਟ ਕਰ ਦਿੱਤਾ ਹੈ ਕਿ ਅਜੇ ਇਨ੍ਹਾਂ ਨੂੰ ਬੰਦ ਹੀ ਰੱਖਿਆ ਜਾਵੇਗਾ।