CIRB Hisar prepares : ਹਿਸਾਰ : ਪਸ਼ੂਪਾਲਕਾਂ ਲਈ ਚੰਗੀ ਖਬਰ ਹੈ। ਮੱਝਾਂ ਦੀ ਕੇਂਦਰੀ ਖੋਜ ਸੰਸਥਾ ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਬੁਫੈਲੋਜ਼ (CIRB) ਹਿਸਾਰ ਦੇ ਖੋਜੀਆਂ ਨੇ ਦੋ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਪਹਿਲਾ ਸੰਸਥਾ ਨੇ ਗਾਂ ਅਤੇ ਮੱਝ ਦੇ ਗਰਭ ਦੀ ਜਾਂਚ ਲਈ ਕਿਟ ਵਿਕਸਿਤ ਕੀਤੀ ਹੈ। ਇਸ ਕਿਟ ਨਾਲ ਸਿਰਫ 30 ਮਿੰਟ ਵਿਚ ਪਸ਼ੂ ਦੇ ਗਰਭ ਦੀ ਜਾਂਚ ਹੋ ਜਾਵੇਗੀ। ਦੂਜੇ ਪਾਸੇ ਕਲੋਨ ਝੋਟਾ (ਸਾਂਡ) ਦੇ ਸੀਮਨ ’ਤੇ ਰਿਸਰਚ ਵਿਚ ਇਹ ਨਤੀਜੇ ਸਾਹਮਣੇ ਆਏ ਹਨ ਕਿ ਦੇਸ਼ ਦੇ ਤਿੰਨ ਮੁਰਰਾਹ ਕਲੋਨ ਝੋਟੇ ਅਜਿਹੇ ਹਨ, ਜਿਨ੍ਹਾਂ ਦੇ ਸੀਮਨ ਨਾਲ ਉਸੇ ਕੁਆਲਿਟੀ ਦੇ ਪਸ਼ੂ ਤਿਆਰ ਹੋਣਗੇ। ਇਹ ਜਾਣਕਾਰੀ ਸੀਆਈਆਰਬੀ ਦੇ ਡਾਇਰੈਕਟਰ ਡਾ. ਐਸਐਸ ਦਹੀਆ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਸੀਆਈਆਰਬੀ ਦੇ ਵਿਗਿਆਨੀਆਂ ਤੇ ਖੋਜੀਆਂ ਨੇ ਗਾਂ ਤੇ ਮੱਝ ਦੀ ਗਰਭ ਜਾਂਚ ਲਈ ਕਿਟ ਤਿਆਰ ਕੀਤੀ ਹੈ। ਇਸ ਨੂੰ ਪ੍ਰੈਗ-ਡੀ ਨਾਂ ਦਿੱਤਾ ਗਿਆ ਹੈ। ਇਸ ਨਾਲ ਸਿਰਫ 30 ਮਿੰਟਾਂ ਵਿਚ ਪਸ਼ੂਆਂ ਦੇ ਦੋ ਐਮਐਲ ਯੂਰਿਨ ਦੀ ਟੈਸਟਿੰਗ ਨਾਲ ਗਰਭ ਧਾਰਣ ਜਾਂਚ ਦੇ ਨਤੀਜੇ ਆ ਜਾਣਗੇ। ਕਿਟ ਦੀ ਕੀਮਤ ਅਜੇ 300 ਰੁਪਏ ਹੈ। ਇਕ ਕਿਟ ਨਾਲ 10 ਸੈਂਪਲ ਟੈਸਟ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਪਹਿਲੀ ਵਾਰ ਅਜਿਹੀ ਕਿਟ ਤਿਆਰ ਹੋਈ ਹੈ। ਪਸ਼ੂ ਦੇ ਦੋ ਐਮਐਲ ਯੂਰਿਨ ਨਾਲ ਪਤਾ ਲਗਾਇਆ ਜਾ ਸਕੇਗਾ ਕਿ ਉਹ ਗਰਭ ਤੋਂ ਹੈ ਜਾਂ ਨਹੀਂ। ਸੰਸਥਾ ਦੇ ਵਿਗਿਆਨੀਆਂ ਅਤੇ ਇਸ ਪ੍ਰਾਜੈਕਟ ਵਿਚ ਸਹਿਯੋਗੀ ਡਾ. ਐਸ. ਕੇ. ਫਲੀਆ, ਡਾ. ਆਰ ਕੇ ਸ਼ਰਮਾ, ਡਾ. ਸੁਮਨ, ਡਾ. ਅਰਚਨਾ ਸਾਰੰਗੀ, ਡਾ. ਏਕੇ ਐਸ ਤੋਮਰ, ਡਾ. ਅਨੁਰਾਗ ਭਾਰਦਵਾਜ ਨੇ ਕਿਟ ਨੂੰ ਵਿਕਸਿਤ ਕਰਨ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਏ।
ਡਾ. ਦਹੀਆ ਨੇ ਕਿਹਾ ਕਿ ਦੇਸ਼ ਦੇ ਤਿੰਨ ਮੁਰਰਾਹ ਨਸਲ ਦੇ ਕਲੋਨ ਝੋਟੇ ’ਤੇ ਵੀ ਰਿਸਰਚ ਹੋਈ ਹੈ, ਜਿਸ ਵਿਚ ਝੋਟੇ ਕੌਮੀ ਡੇਅਰੀ ਖੋਜ ਸੰਸਧਾ NDRI ਕਰਨਾਲ ਤੋਂ ਹਨ ਅਤੇ ਇਕ CIRB ਹਿਸਾਰ ਵਿਚ ਹੈ। ਇਨ੍ਹਾਂ ਦੀ ਰਿਸਰਚ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨ੍ਹਾਂ ਕਲੋਨ ਝੋਟੇ ਦੀ ਪ੍ਰਜਨਨ ਸਮਰੱਥਾ ਗੈਰ ਕਲੋਨ ਝੋਟੇ ਦੇ ਬਰਾਬਰ ਹੈ ਜਾਂ ਨਹੀਂ। ਰਿਜ਼ਲਟ ’ਚ ਬਹੁਤ ਹੀ ਚੰਗੇ ਨਤੀਜੇ ਸਾਹਮਣੇ ਆਏ ਹਨ। ਜਾਂਚ ਵਿਚ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਸੀਮਨ ਦੀ ਵਰਤੋਂ ਕਰਕੇ ਬਣਾਉਟੀ ਗਰਭ ਧਾਰਨ ਕਰਵਾਉਣ ਰਾਹੀਂ ਬਿਹਤਰ ਜਰਮਪਲਾਜ਼ਮ ਦਾ ਪ੍ਰਸਾਰ ਕਰਨ ਲਈ ਕੀਤਾ ਜਾ ਸਕਦਾ ਹੈ।