Civil Surgeon made video : ਅੰਮ੍ਰਿਤਸਰ ਵਿੱਚ ਸਿਵਲ ਸਰਜਨ ਨੂੰ ਔਰਤ ਦੀ ਡਿਲਵਰੀ ਕਰਦੇ ਹੋਏ ਦੀ ਵੀਡੀਓ ਬਣਾਉਣੀ ਮਹਿੰਗੀ ਪੈ ਗਈ। ਇਸ ਗੈਰ-ਜ਼ਿੰਮੇਵਾਰਾਨਾ ਹਰਕਤ ਦਾ ਸਖਤ ਨੋਟਿਸ ਲੈਂਦੇ ਹੋਏ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਨਵਦੀਪ ਸਿੰਘ ਦਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਵਿੱਚ ਟਰਾਂਸਫਰ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਸਿਹਤ ਵਿਭਾਗ ਦੇ ਸਕੱਤਰ ਹੁਸਨ ਲਾਲ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ 17 ਨਵੰਬਰ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਗਰਭਵਤੀ ਔਰਤ ਦੀ ਡਿਲਵਰੀ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਸੰਬੰਧੀ ਇਹ ਕਾਰਵਾਈ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਇਸ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਪਰਿਵਾਰ ਵੱਲੋਂ ਰੋਸ ਪ੍ਰਗਟਾਇਆ ਗਿਆ ਅਤੇ ਉਨ੍ਹਾਂ ਨੇ ਸਿਵਲ ਸਰਜਨ ਅਤੇ ਉਨ੍ਹਾਂ ਨਾਲ ਮੌਜੂਦ ਡਾਕਟਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਇਸ ਨੂੰ ਲੈ ਕੇ ਮਹਿਲਾ ਕਮਿਸ਼ਨ ਨੇ ਅੰਮ੍ਰਿਤਸਰ ਦੇ ਸਿਵਲ ਸਰਜਨ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 24 ਨਵੰਬਰ ਨੂੰ ਚੰਡੀਗੜ੍ਹ ਤਲਬ ਕੀਤਾ ਗਿਆ। ਸਿਵਲ ਸਰਜਨ ਡਾ. ਨਵਦੀਪ ਸਿੰਘ ਦੇ ਨਾਲ ਪੰਜ ਗਾਇਨੀਕੋਲੋਜਿਸਟ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਵੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਤਲਬ ਕੀਤਾ ਗਿਆ ਸੀ।
ਸਿਵਲ ਸਰਜਨ ਨਵਦੀਪ ਸਿੰਘ ਨੇ 17 ਨਵੰਬਰ ਨੂੰ ਸਿਵਲ ਹਸਪਤਾਲ ਵਿੱਚ ਚਾਰ ਗਰਭਵਤੀ ਔਰਤਾਂ ਦੀ ਡਿਲਵਰੀ ਕੀਤੀ ਸੀ। ਇਸ ਸਮੇਂ ਉਨ੍ਹਾਂ ਨੇ ਡਿਲਵਰੀ ਦੀ ਪ੍ਰਕਿਰਿਆ ਦੀ ਵੀਡੀਓ ਬਣਾ ਕੇ ਇਸ ਨੂੰ ਜਾਰੀ ਵੀ ਕਰ ਦਿੱਤਾ ਸੀ। ਇਹ ਵੀਡੀਓ ਲਗਭਗ ਇਕ ਮਿੰਟ ਦੀ ਹੈ, ਇਸ ਵੀਡੀਓ ਵਿਚ ਡਾਕਟਰ ਨਵਦੀਪ ਸਿੰਘ ਗਰਭਵਤੀ ਔਰਤ ਦੀ ਡਿਲਵਰੀ ਕਰਦੇ ਨਜ਼ਰ ਆ ਰਹੇ ਹਨ। ਸਿਜੇਰੀਅਨ ਡਿਲਵਰੀ ਦੌਰਾਨ ਉਨ੍ਹਾਂ ਨੇ ਔਰਤ ਦੀ ਕੁੱਖ ਤੋਂ ਬੱਚਾ ਕੱਢਿਆ ਅਤੇ ਡਾਕਟਰ ਦੇ ਹਵਾਲੇ ਕਰ ਦਿੱਤਾ। ਵੀਡੀਓ ਵਿੱਚ ਔਰਤ ਦਾ ਚਿਹਰਾ ਵੀ ਸਾਫ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੇ ਨਾਲ ਹਸਪਤਾਲ ਦੀ ਗਾਇਨੀ ਡਾ. ਸੀਤਾਰਾ, ਡਾ. ਰੋਮਾ, ਡਾ. ਗੁਰਪਿੰਦਰ, ਡਾ. ਮੀਨਾਕਸ਼ੀ ਵੀ ਸਨ। ਕਿਸੇ ਵੀ ਸੀਨੀਅਰ ਵੋਕਲ ਡਾਕਟਰਾਂ ਨੇ ਵੀਡੀਓਗ੍ਰਾਫੀ ਦਾ ਵਿਰੋਧ ਨਹੀਂ ਕੀਤਾ।
ਹਾਲਾਂਕਿ ਹਰ ਗਾਇਨੀ ਡਾਕਟਰ ਨੂੰ ਇਹ ਪਤਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਜਾ ਸਕਦੀ। ਇਸ ਤੋਂ ਬਾਅਦ ਪ੍ਰੈਸ ਨੋਟ ਜਾਰੀ ਕਰਦਿਆਂ ਆਪਣੇ ਇਸ ਕਾਰਨਾਮੇ ਨੂੰ ਜਨਤਕ ਕਰ ਦਿੱਤਾ। ਇਸ ਸੰਬੰਧੀ ਇੱਕ ਜਾਂਚ ਕਮੇਟੀ ਵੀ ਗਠਿਤ ਕੀਤੀ ਗਈ ਹੈ ਪਰ ਇਸ ਕਮੇਟੀ ਦੇ ਮੈਂਬਰ ਸਿਵਲ ਸਰਜਨ ਤੋਂ ਹੇਠਲੇ ਅਧਿਕਾਰੀ ਹਨ, ਜੋਕਿ ਆਪਣੇ ਤੋਂ ਉਪਰਲੇ ਅਧਿਕਾਰੀ ਖਿਲਾਫ ਰਿਪੋਰਟ ਕਿਵੇਂ ਤਿਆਰ ਕਰਨਗੇ। ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਦੇ ਲਈ ਉੱਚ ਅਧਿਕਾਰੀਆਂ ਦੀ ਕਮੇਟੀ ਗਠਿਤ ਕੀਤੀ ਜਾਣੀ ਚਾਹੀਦੀ ਹੈ ਤਾਂਜੋ ਸਹੀ ਰਿਪੋਰਟ ਤਿਆਰ ਕਰ ਸਕਣ।