CM adviced to shopkeepers : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖੜੀ ਦੇ ਤਿਉਹਾਰ ਮੌਕੇ ਮਠਿਆਈਆਂ ਅਤੇ ਹੋਰ ਦੁਕਾਨਦਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਦੁਕਾਨਾਂ ’ਤੇ ਖਰੀਦਦਾਰੀ ਕਰਨ ਆਏ ਗਾਹਕਾਂ ਨੂੰ ਇਸ ਵਾਰ ਮੁਫਤ ਮਾਸਕ ਮੁਹੱਈਆ ਕਰਵਾਉਣ। ਇਸ ਵਾਰ 3 ਅਗਸਤ ਸੋਮਵਾਰ ਨੂੰ ਰੱਖੜੀ ਦਾ ਤਿਉਹਾਰ ਹੈ। ਤਿਉਹਾਰ ਮੌਕੇ ਰੱਖੜੀ ਤੇ ਮਠਿਆਈਆਂ ਆਦਿ ਦੀਆਂ ਦੁਕਾਨਾਂ ’ਤੇ ਅਕਸਰ ਵੱਡੀ ਗਿਣਤੀ ਵਿਚ ਲੋਕ ਖਰੀਦਦਾਰੀ ਕਰਨ ਜਾਂਦੇ ਹਨ। ਇਸੇ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਦੁਕਾਨਦਾਰਾਂ ਨੂੰ ਇਹ ਅਪੀਲ ਕੀਤੀ ਹੈ।
ਇਸ ਸਬੰਧੀ ਜ਼ਿਲਾ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਜ਼ਿਲ੍ਹਿਆਂ ਦੀਆਂ ਮਠਿਆਈਆਂ ਦੇ ਦੁਕਾਨ ਮਾਲਕਾਂ ਨੂੰ ਮਾਸਕਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਇਸ ਦੇ ਨਾਲ ਹੀ ਮਠਿਆਈਆਂ ਦੀ ਖਰੀਦ ਦੇ ਨਾਲ ਇੱਕ ਜੋੜਾ ਮਾਸਕ ਮੁਫਤ ਦੇਣ ਲਈ ਸਲਾਹ ਦੇਣ। ਮੁੱਖ ਮੰਤਰੀ ਨੇ ਕਿਹਾ ਕਿ ਹੋਰ ਦੁਕਾਨਾਂ ਦੇ ਮਾਲਕਾਂ ਨੂੰ ਵੀ ਰੱਖੜੀਆਂ ਦੀ ਖਰੀਦ ‘ਤੇ ਮੁਫਤ ਮਾਸਕ ਦੇਣ ਲਈ ਅਜਿਹੀਆਂ ਸਲਾਹ ਦਿੱਤੀ ਜਾ ਸਕਦੀ ਹੈ। ਹਾਲਾਂਕਿ ਕੋਵਿਡ-19 ਸੰਕਟ ਦੇ ਚੱਲਦਿਆਂ ਐਤਵਾਰ ਨੂੰ ਦੁਕਾਨਾਂ ਬੰਦ ਹੁੰਦੀਆਂ ਹਨ ਪਰ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਇਸ ਐਤਵਾਰ 2 ਅਗਸਤ ਨੂੰ ਸੂਬੇ ਵਿਚ ਮਠਿਆਈਆਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਪਹਿਲਾਂ ਹੀ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਪਿਛਲੇ ਕੁਝ ਹਫਤਿਆਂ ਤੋਂ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਇਸ ਨੂੰ ਫੈਲਣ ਤੋਂ ਰੋਕਣ ਲਈ ਮਾਸਕ ਦੀ ਵਰਤੋਂ ਕਰਨ ਦਾ ਲਗਾਤਾਰ ਵੱਧ ਪ੍ਰਚਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਸੂਬੇ ਵਿਚ ਪਹਿਲਾਂ ਹੀ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਇਆ ਜਾ ਚੁੱਕਾ ਹੈ ਅਤੇ ਇਸ ਨਿਯਮ ਦੀ ਉਲੰਘਣਾ ਕਰਨ ਉਲੰਘਣਾ ’ਤੇ 500 ਰੁਪਏ ਜੁਰਮਾਨਾ ਲਗਾਇਆ ਜਾਂਦਾ ਹੈ। ਦੱਸ ਦੇਈਏ ਕਿ ਸਭ ਤੋਂ ਪਹਿਲਾਂ ਪੰਜਾਬ ਵਿਚ ਹੀ ਮਾਸਕ ਨਾ ਪਹਿਨਣ ’ਤੇ ਜੁਰਮਾਨਾ ਸ਼ੁਰੂ ਕੀਤਾ ਗਿਆ ਹੈ।