ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਬੰਗਲੌਰ ਭਗਦੜ ਵਿਚ 11 ਲੋਕਾਂ ਦੀ ਮੌਤ ਹੋ ਗਈ ਤੇ 33 ਲੋਕ ਜ਼ਖਮੀ ਹੋ ਗਏ। ਇਥੇ ਰਾਇਲ ਚੈਲੇਂਜਰਸ ਬੇਂਗਲੁਰੂ ਦੀ ਜਿੱਤ ਦੇ ਜਸ਼ਨ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਸਨ। ਘਟਨਾ ‘ਤੇ ਦੁੱਖ ਪ੍ਰਗਟਾਉਂਦੇ ਹੋਏ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਨਾਲ ਹੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੜਬੜ ਪਾਈ ਗਈ ਤਾਂ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਨੇ ਕਿਹਾ ਕਿ ਸ਼ੁੱਕਰਵਾਰ ਦੀ ਕੈਬਨਿਟ ਬੈਠਕ ਨੂੰ ਛੱਡ ਕੇ ਸਾਰੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ। ਵਿਸ਼ਵ ਵਾਤਾਵਰਣ ਦਿਵਸ ਸਣੇ ਕੋਈ ਵੀ ਸਮਾਰੋਹ ਨਹੀਂ ਹੋਵੇਗਾ।
ਹਸਪਤਾਲ ਦਾ ਦੌਰਾ ਕਰਨ ਦੇ ਬਾਅਦ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਅਜਿਹੀ ਤ੍ਰਾਸਦੀ ਨਹੀਂ ਹੋਣੀ ਚਾਹੀਦੀ ਸੀ ਤੇ ਸਰਕਾਰ ਇਸ ਘਟਨਾ ‘ਤੇ ਦੁੱਖ ਪ੍ਰਗਟਾਉਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕਾਂ ਵਿਚ ਜ਼ਿਆਦਾਤਰ ਨੌਜਵਾਨ ਪੁਰਸ਼ ਤੇ ਮਹਿਲਾਵਾਂ ਹਨ।ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜ਼ਖਮੀਆਂ ਨੂੰ ਮੁਫਤ ਇਲਾਜ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਿੱਧਰਮਈਆ ਨੇ ਕਿਹਾ ਕਿ ਕੁੱਲ 47 ਲੋਕ ਹਸਪਾਤਲ ਵਿਚ ਭਰਤੀ ਹਨ। ਉਨ੍ਹਾਂ ਕਿਹਾ ਕਿ ਸਟੇਡੀਅਮ ਦੀ ਸਮਰੱਥਾ 3500 ਲੋਕਾਂ ਦੀ ਹੈ ਤੇ 2-3 ਲੱਖ ਲੋਕ ਇਕੱਠੇ ਹੋਏ ਸਨ। ਆਰਸੀਬੀ ਨੇ ਮੰਗਲਵਾਰ ਨੂੰ ਅਹਿਮਦਾਬਾਦ ਵਿਚ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿਚ ਪੰਜਾਬ ਕਿੰਗਸ ਨੂੰ 6 ਦੌੜਾਂ ਤੋਂ ਹਰਾ ਕੇ ਆਪਣਾ ਪਹਿਲਾ ਖਿਤਾਬ ਜਿੱਤਿਆ।
ਇਹ ਵੀ ਪੜ੍ਹੋ : ਟ੍ਰੇਨ ‘ਚ 3 ਘੰਟੇ ਤੜਫਦਾ ਰਿਹਾ ਪੰਜਾਬ ਦਾ ਕ੍ਰਿਕਟਰ, ਸਮੇਂ ‘ਤੇ ਇਲਾਜ ਨਾ ਮਿਲਣ ਕਰਕੇ ਹੋਈ ਮੌ.ਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਘਟਨਾ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਬੇਂਗਲੁਰੂ ਵਿਚ ਹੋਈ ਦੁਰਘਟਨਾ ਬਹੁਤ ਹੀ ਦੁਖਦ ਹੈ। ਇਸ ਦੁਖਦ ਘੜੀ ਵਿਚ ਮੇਰੀ ਹਮਦਰਦੀ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਕਰੀਬੀਆਂ ਨੂੰ ਗੁਆ ਦਿੱਤਾ ਹੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜੋ ਲੋਕ ਜ਼ਖਮੀ ਹਨ ਉਹ ਜਲਦ ਸਿਹਤਮੰਦ ਹੋ ਜਾਣ।
ਵੀਡੀਓ ਲਈ ਕਲਿੱਕ ਕਰੋ -:
























