CM appeals to farmers : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਗਟਾ ਰਹੇ ਕਿਸਾਨਾਂ ਨੂੰ ਆਪਣਾ ਅਤੇ ਸਰਕਾਰ ਦੇ ਪੂਰਨ ਸਹਿਯੋਗ ਨੂੰ ਦੁਹਰਾਉਂਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਅਤੇ ਇੱਥੋਂ ਦੇ ਲੋਕਾਂ ਦੇ ਹਿੱਤ ਵਿੱਚ ਮਾਲ ਗੱਡੀਆਂ ਨੂੰ ਲੰਘਣ ਦੇਣ ਲਈ ਰੇਲ ਰੋਕੋ ਅੰਦੋਲਨ ਵਿੱਚ ਢਿੱਲ ਦੇਣ। ਤਾਂ ਜੋ ਸੂਬਾ ਜ਼ਰੂਰੀ ਲੋੜਾਂ ਲੋੜਾਂ ਨੂੰ ਪੂਰਾ ਕਰਨ ਦੇ ਸਮਰੱਥ ਹੋ ਸਕੇ ਅਤੇ ਕਿਸਾਨ ਭਾਈਚਾਰੇ ਸਮੇਤ ਨਾਗਰਿਕਾਂ ਲਈ ਆਉਣ ਵਾਲੇ ਦਿਨਾਂ ਵਿੱਚ ਕਿਸੇ ਤਰ੍ਹਾਂ ਦੀ ਗੰਭੀਰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਕਿਹਾ ਕਿ ਮਾਲ ਗੱਡੀਆਂ ਨੂੰ ਲੰਮਾਂ ਸਮਾਂ ਰੋਕਣ ਕਰਕੇ ਪੰਜਾਬ ਦੇ ਕੋਲੇ ਦੇ ਪਲਾਂਟਾਂ ਦੀ ਸਥਿਤੀ ਨਾਜ਼ੁਕ ਹੈ ਅਤੇ ਉਨ੍ਹਾਂ ਕੋਲ ਸਿਰਫ 5-6 ਦਿਨਾਂ ਦਾ ਕੋਲਾ ਬਚਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਪਲਾਈ ਨਾ ਹੋਈ ਤਾਂ ਸਰਕਾਰ ਨੂੰ ਮਜਬੂਰਨ ਇਹ ਪਲਾਂਟ ਬੰਦ ਕਰਨੇ ਪੈਣਗੇ ਜਿਸ ਨਾਲ ਸੂਬੇ ਦੀ ਬਿਜਲੀ ਸਪਲਾਈ ਉਤੇ ਬਹੁਤ ਮਾੜਾ ਅਸਰ ਪਵੇਗਾ ਅਤੇ ਨਾਗਰਿਕਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਪਿਛਲੇ ਇਕ ਹਫਤੇ ਤੋਂ ਖਾਦ ਦਾ ਇਕ ਵੀ ਰੈਕ ਪੰਜਾਬ ਵਿੱਚ ਦਾਖਲ ਨਹੀਂ ਹੋਇਆ ਜਿਸ ਨਾਲ ਕਣਕ ਦੀ ਫਸਲ ਬੀਜਣ ਲਈ ਕਿਸਾਨਾਂ ਵੱਲੋਂ ਵਰਤੋਂ ਕੀਤੀ ਜਾਂਦੀ ਖਾਦ ਦੀ ਵੱਡੀ ਘਾਟ ਪੈਦਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕਰਕੇ ਸੂਬੇ ਵਿੱਚ ਖਾਦ ਦੇ ਰੈਕ ਲਿਆਉਣ ਦੀ ਇਜਾਜ਼ਤ ਦੇਣ ਦੀ ਫੌਰੀ ਲੋੜ ਹੈ ਤਾਂ ਜੋ ਹਾੜ੍ਹੀ ਸੀਜ਼ਨ ਲਈ ਢੁਕਵਾਂ ਸਟਾਕ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਝੋਨੇ ਅਤੇ ਕਣਕ ਦੀ ਸਟੋਰੇਜ ਲਈ ਜਗ੍ਹਾ ਬਣਾਉਣ ਦੀ ਲੋੜ ਦਾ ਵੀ ਹਵਾਲਾ ਦਿੱਤਾ ਜਿਸ ਦੀ ਵਾਢੀ ਪੰਜਾਬ ਦੇ ਕਿਸਾਨਾਂ ਵੱਲੋਂ ਅਗਲੇ ਦਿਨਾਂ ਵਿੱਚ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਨਾਜ ਦਾ ਮੌਜੂਦਾ ਸਟਾਕ ਐਫ.ਸੀ.ਆਈ. ਵੱਲੋਂ ਚੁੱਕ ਕੇ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਭੇਜਿਆ ਜਾਣਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਇਹਨਾਂ ਗੰਭੀਰ ਚਿੰਤਾਵਾਂ ਵੱਲ ਧਿਆਨ ਦੇਣ ਅਤੇ ਪੰਜਾਬ ਰਾਹੀਂ ਮਾਲ ਗੱਡੀਆਂ ਚੱਲਣ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਕੋਲਾ, ਖਾਦ ਅਤੇ ਅਨਾਜ ਦੀ ਢੋਆ-ਢੋਆਈ ਦੀ ਇਜਾਜ਼ਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਹੋਰ ਪੰਜਾਬੀਆਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਪੇਸ਼ ਨਾ ਆਉਣ ਦੇਣ ਲਈ ਅਜਿਹੀ ਆਵਾਜਾਈ ਦਾ ਚਾਲੂ ਹੋਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਸੂਬੇ ਦੇ ਵਡੇਰੇ ਹਿੱਤ ਵਿੱਚ ਉਨ੍ਹਾਂ ਦੀ ਨਿੱਜੀ ਬੇਨਤੀ ਉਤੇ ਗੌਰ ਕਰਨ ਲਈ ਕਿਹਾ।