CM congratulated the daughter of : ਜਲੰਧਰ : ਆਕਸਫਾਰਡ ਵਿਚ ਮਾਸਟਰ ਪ੍ਰੋਗਰਾਮ ਲਈ ਪੜ੍ਹਾਈ ਕਰਨ ਦਾ ਸੁਨਹਿਰੀ ਮੌਕਾ ਹਾਸਲ ਕਰਨ ਵਾਲੀ ਮੂਲ ਤੌਰ ’ਤੇ ਜਲੰਧਰ ਦੇ ਫਿਲੌਰ ਵਿਚ ਪੈਂਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਅਤੇ ਹੁਸ਼ਿਆਰਪੁਰ ਸਪੈਸ਼ਲ ਬ੍ਰਾਂਚ ਦੇ ਡੀਐਸਪੀ ਮਨੀਸ਼ ਦਾਵੇਸ਼ਰ ਦੀ ਧੀ ਪ੍ਰਤਿਸ਼ਠਾ ਦੇਸ਼ ਦੀ ਪਹਿਲੀ ਵਿਦਿਆਰਥਣ ਹੈ ਜੋ ਵ੍ਹੀਲਚੇਅਰ ’ਤੇ ਹੋਣ ਦੇ ਬਾਵਜੂਦ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਵੇਗੀ। ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਿਸ਼ਠਾ ਨੂੰ ਵੀਡੀਓਕਾਲ ਕਰਕੇ ਵਧਾਈ ਦਿੱਤੀ ਤੇ ਉਸ ਦਾ ਹੌਸਲਾ ਵਧਾਇਆ। ਉਨ੍ਹਾਂ ਟਵਿੱਟਰ ‘ਤੇ ਵੀ ਉਸ ਨੂੰ ਵਧਾਈ ਦਿੰਦਿਆਂ ਉਸ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਵੱਲੋਂ ਹੌਸਲਾ ਅਫਜ਼ਾਈ ਲਈ ਆਈ ਵੀਡੀਓ ਕਾਲ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਪ੍ਰਤਿਸ਼ਠਾ ਨੇ ਕੈਪਟਨ ਨੂੰ ਅਸ਼ੀਰਵਾਦ ਦੇਣ ਲਈ ਕਿਹਾ। ਉਸ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਆਪਣਾ ਹੱਥ ਮੇਰੇ ਸਿਰ ’ਤੇ ਰਖੇ ਰਖੋ, ਤਾਂ ਮੈਂ ਕੁਝ ਵੀ ਕਰ ਜਾਵਾਂਗੀ। ਪ੍ਰਤਿਸ਼ਠਾ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਉਸ ਨਾਲ ਫੋਨ ’ਤੇ ਗੱਲ ਕਰਨਾ ਚਾਹੁੰਦੇ ਹਨ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ। ਇਹ ਉਸ ਦੀ ਜ਼ਿੰਦਗੀ ਦਾ ਬਹੁਤ ਹੀ ਅਹਿਮ ਸਮਾਂ ਸੀ, ਜਦੋਂ ਮੁੱਖ ਮੰਤਰੀ ਨੇ ਖੁਦ ਉਸ ਨਾਲ ਗੱਲਬਾਤ ਕਰਕੇ ਉਸ ਦੀ ਪ੍ਰਾਪਤੀ ਲਈ ਉਸ ਨੂੰ ਵਧਾਈ ਦਿੱਤੀ। ਪ੍ਰਤਿਸ਼ਠਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਉਸ ਨਾਲ ਬਹੁਤ ਹੀ ਸਹਿਜਤਾ ਤੇ ਸ਼ਾਲੀਨਤਾ ਨਾਲ ਗੱਲਬਾਤ ਕੀਤੀ, ਜੋਕਿ ਉਸ ਨੂੰ ਬਹੁਤ ਹੀ ਚੰਗਾ ਲੱਗਾ।
ਦੱਸਣਯੋਗ ਹੈ ਕਿ ਪ੍ਰਤਿਸ਼ਠਾ 12ਵੀਂ ਤੋਂ ਬਾਅਦ ਦਿੱਲੀ ਸ਼ਿਫਠ ਹੋ ਗਈ ਸੀ। ਕੁਝ ਸਾਲ ਪਹਿਲਾਂ ਉਸ ਦਾ ਐਕਸੀਡੈਂਟ ਹੋਗਿਆ ਸੀ, ਜਿਸ ਕਾਰਨ ਉਸ ਨੂੰ ਵ੍ਹੀਲਚੇਅਰ ਦਾ ਸਹਾਰਾ ਲੈਣਾ ਪਿਆ। ਇਸ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ ਅਤੇ ਅੱਗੇ ਵਧਦੀ ਰਹੀ। ਉਸ ਦੀ ਮਿਹਨਤ ਦੇ ਸਦਕਾ ਹੀ ਉਸ ਨੂੰ ਆਕਸਫਾਰਡ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਆਪਣੀ ਪੜ੍ਹਾਈ ਪੂਰੀ ਕਰਕੇ ਭਾਰਤ ਵਿਚ ਦਿਵਿਆਂਗ ਲੋਕਾਂ ਲਈ ਕੰਮ ਕਰੇਗੀ।