CM suspended 2 DSPs : ਜ਼ਹਿਰੀਲੀ ਸ਼ਰਾਬ ਕਾਰਨ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਕਾਰਨ ਹੋਈਆਂ 86 ਮੌਤਾਂ ਦੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2 ਡੀਐਸਪੀ, 4 ਐਸਐਚਓ ਅਤੇ 7 ਐਕਸਾਈਜ਼ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਤੇ ਇਨ੍ਹਾਂ ਖਿਲਾਫ ਜਾਂਚ ਦੀਆਂ ਹਿਦਾਇਤਾਂ ਦਿੱਤੀਆਂ ਹਨ।
ਬੀਤੇ ਦਿਨ ਫੇਸਬੁੱਕ ‘ਤੇ ‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਆਬਕਾਰੀ ਤੇ ਕਰ ਅਧਿਕਾਰੀ (ਈ.ਟੀ.ਓਜ਼) ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ, ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚ ਗੁਰਦਾਸਪੁਰ ਤੋਂ ਲਵਜਿੰਦਰ ਬਰਾੜ, ਅੰਮਿ੍ਰਤਸਰ ਤੋਂ ਬੀ.ਐਸ. ਚਾਹਲ ਅਤੇ ਤਰਨ ਤਾਰਨ ਤੋਂ ਮਧੁਰ ਭਾਟੀਆ ਸ਼ਾਮਲ ਹਨ। ਇਸੇ ਤਰਾਂ ਆਬਕਾਰੀ ਤੇ ਕਰ ਇੰਸਪੈਕਟਰਾਂ ਜਿਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ, ਵਿੱਚ ਗੁਰਦਾਸਪੁਰ ਤੋਂ ਰਵੀ ਕੁਮਾਰ, ਗੁਰਦੀਪ ਸਿੰਘ ਅੰਮ੍ਰਿਤਸਰ ਅਤੇ ਫਤਹਿਬਾਦ ਤੋਂ ਪੁਖਰਾਜ ਅਤੇ ਤਰਨ ਤਾਰਨ ਜ਼ਿਲੇ ਵਿੱਚ ਤਰਨ ਤਾਰਨ ਸਿਟੀ ਤੋਂ ਹਿਤੇਸ਼ ਪ੍ਰਭਾਕਰ ਸ਼ਾਮਲ ਹਨ। ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ਾਂ ਹੇਠ ਪੁਲਿਸ ਅਧਿਕਾਰੀਆਂ ਵਿੱਚ ਡੀ.ਐਸ.ਪੀ. ਜੰਡਿਆਲਾ (ਅੰਮ੍ਰਿਤਸਰ ਦਿਹਾਤੀ) ਤੇ ਡੀ.ਐਸ.ਪੀ. ਸਬ-ਡਵੀਜ਼ਨ ਤਰਨ ਤਾਰਨ ਤੋਂ ਇਲਾਵਾ ਥਾਣਾ ਤਰਸਿੱਕਾ (ਅੰਮ੍ਰਿਤਸਰ ਦਿਹਾਤੀ), ਸਿਟੀ ਬਟਾਲਾ (ਬਟਾਲਾ ਪੁਲਿਸ ਜ਼ਿਲਾ), ਥਾਣਾ ਸਦਰ ਤਰਨ ਤਾਰਨ ਅਤੇ ਥਾਣਾ ਸਿਟੀ ਤਰਨ ਤਾਰਨ ਦੇ ਐਸ.ਐਚ.ਓ ਨੂੰ ਮੁਅੱਤਲ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਐਕਸ-ਗ੍ਰੇਸ਼ੀਆ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਹੋਰਾਂ ਦੀ ਮਿਲੀਭੁਗਤ ਸਾਹਮਣੇ ਆਉਣ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਸ਼ਾਮਲ ਸਾਰੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਬਾਰੇ ਕਹਿੰਦਿਆਂ ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜਿਹੜਾ ਵੀ ਨਕਲੀ ਸ਼ਰਾਬ ਵੇਚਣ ਦੇ ਧੰਦੇ ਵਿੱਚ ਸ਼ਾਮਲ ਹੈ, ਉਹ ਇਸ ਨੂੰ ਤੁਰੰਤ ਬੰਦ ਕਰ ਦੇਵੇ ਜਾਂ ਫੇਰ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਰਹੇ।