ਪੰਜਾਬ ਦੀ ਕਾਂਗਰਸ ਸਰਕਾਰ ਆਪਣਾ ਕਾਰਜਕਾਲ ਪੂਰਾ ਕਰਨ ਵਾਲੇ ਪਾਸੇ ਜਾ ਰਹੀ ਹੈ। ਸੱਤਾ ਪ੍ਰਾਪਤੀ ਤੋਂ ਪਹਿਲਾਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੇ ਹਰ ਘਰ ਦੇ ਇਕ ਜੀਅ ਨੂੰ ਨੌਕਰੀ ਦੇਣਗੇ ਅਤੇ ਪੰਜਾਬ ਵਿਚੋਂ ਬੇਰੁਜ਼ਗਾਰੀ ਖਤਮ ਕੀਤੀ ਜਾਵੇਗੀ।
ਪਰੰਤੂ ਰੋਜ਼ਗਾਰ ’ਤੇ ਲੱਗੇ ਪ੍ਰੋਫੈਸਰਾਂ ਡਾਕਟਰਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਉਨ੍ਹਾਂ ਦੀਆਂ ਤਨਖਾਹਾਂ ਨਾ ਦੇਣਾ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਰਹੀ ਹੈ। ਫ਼ਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਇੰਜੀਨੀਅਰਿੰਗ ਕਾਲਜ ਵਿਖੇ ਅੱਜ ਇੱਥੋਂ ਦੇ ਪ੍ਰੋਫ਼ੈਸਰਾਂ ਵੱਲੋਂ ਲਗਭਗ ਪਿਛਲੇ 12 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇੰਜੀਨੀਅਰਿੰਗ ਕਾਲਜ ਦੇ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਸੱਤ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਤੰਗੀ ਦਾ ਸੰਤਾਪ ਹੰਢਾ ਰਹੇ ਹਨ। ਉਹ ਲਗਾਤਾਰ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਨ, ਪ੍ਰੰਤੂ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ।
ਮੀਡੀਆ ਸਾਹਮਣੇ ਆਪਣਾ ਹਾਲ ਸੁਣਾਉਂਦਿਆਂ ਪ੍ਰੋਫ਼ੈਸਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਕ ਘਰ ਵਿਚ ਜਦੋਂ ਇਕ ਹੀ ਕਮਾਉਣ ਵਾਲਾ ਹੋਵੇ ਅਤੇ ਉਸ ਨੂੰ ਵੀ ਸੱਤ ਮਹੀਨਿਆਂ ਤੋਂ ਤਨਖਾਹ ਨਾ ਮਿਲੇ ਤਾਂ ਫਿਰ ਉਸ ਦਾ ਗੁਜ਼ਾਰਾ ਕਿਵੇਂ ਚੱਲ ਸਕਦਾ ਹੈ। ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। ਭੁੱਬਾਂ ਮਾਰ ਕੇ ਰੋਂਦੀ ਇੱਕ ਪ੍ਰੋਫ਼ੈਸਰ ਨੇ ਕਿਹਾ ਕਿ ਉਹ ਅੱਜ ਨੌਕਰੀ ਕਰਕੇ ਵੀ ਪਛਤਾ ਰਹੇ ਹਨ ਕਿ ਉਹ ਘਰ ਦਾ ਗੁਜ਼ਾਰਾ ਨਹੀਂ ਕਰ ਸਕਦੇ ।
ਇਹ ਵੀ ਪੜ੍ਹੋ : ਪੰਜਾਬ ਨੇ ਟੈਕਨਾਲੋਜੀ ‘ਚ ਮਾਰੀ ਲੰਮੀ ਛਾਲ- NFC ਆਧਾਰਤ eIDs ਦੀ ਵਰਤੋਂ ਕਰਨ ਵਾਲਾ ਬਣਿਆ ਪਹਿਲਾ ਸੂਬਾ
ਪ੍ਰੋਫ਼ੈਸਰਾਂ ਦਾ ਕਹਿਣਾ ਹੈ ਕਿ ਤਨਖਾਹ ਸਬੰਧੀ ਉਨ੍ਹਾਂ ਦੀ ਫਾਈਲ ਵਿਭਾਗ ਵੱਲ ਜਾਂਦੀ ਹੈ ਪ੍ਰੰਤੂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਕੰਮ ਹੋ ਜਾਏਗਾ। ਪ੍ਰੰਤੂ ਅਜੇ ਤੱਕ ਵੀ ਉਨ੍ਹਾਂ ਨੂੰ ਤਨਖਾਹ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਪਿਛਲੇ ਬਾਰਾਂ ਦਿਨਾਂ ਤੋਂ ਉਹ ਭੁੱਖ ਹੜਤਾਲ ‘ਤੇ ਦਿਨ-ਰਾਤ ਡੱਟੇ ਹੋਏ ਹਨ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਸ ਸਮੇਂ ਤੱਕ ਉਹ ਹੜਤਾਲ ਜਾਰੀ ਰੱਖਣਗੇ।
ਇਹ ਵੀ ਪੜ੍ਹੋ : ਵੈਕਸੀਨ ਵੇਚਣ ਦਾ ਮੁੱਦਾ ਭਖਿਆ, ‘ਆਪ’ ਨੇ ਬੈਰੀਕੇਡ ਤੋੜ ਘੇਰੀ ਸਿਹਤ ਮੰਤਰੀ ਦੀ ਕੋਠੀ, ਪੁਲਿਸ ਨੇ ਲਏ ਹਿਰਾਸਤ ‘ਚ
ਹੁਣ ਦੇਖਣ ਅਤੇ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰਾ ਕਰਨ ਲਈ ਕਦੋਂ ਗੰਭੀਰ ਹੋਵੇਗੀ ਜਾਂ ਫਿਰ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਦਾ ਨੁਕਸਾਨ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।