Companies operating toll plazas in Punjab : ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੇ ਹਰਿਆਣਾ ਦੇ ਟੋਲ ਪਲਾਜ਼ਾ ‘ਤੇ ਕਿਸਾਨ ਲਗਾਤਾਰ ਧਰਨੇ ਦੇ ਰਹੇ ਹਨ ਅਤੇ ਕਿਸਾਨਾਂ ਨੇ ਇਨ੍ਹਾਂ ਨੂੰ ਟੋਲ ‘ਫ੍ਰੀ’ ਕੀਤਾ ਹੋਇਆ ਹੈ, ਜਿਸ ਨਾਲ ਟੋਲ ਪਲਾਜ਼ਾ ਕੰਪਨੀਆਂ ਨੂੰ ਰੋਜ਼ਾਨਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸੇ ਦੇ ਚੱਲਦਿਆਂ ਪੰਜਾਬ ਵਿਚ ਟੋਲ ਪਲਾਜ਼ੇ ਚਲਾ ਰਹੀਆਂ ਦੋ ਕੰਪਨੀਆਂ ਨੇ ਸੂਬਾ ਸਰਕਾਰ ਨੂੰ ਚਿੱਠੀ ਲਿਖੀ ਹੈ ਅਤੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਕਾਰਨ ਮਹੀਨਿਆਂ ਤੋਂ ਬੰਦ ਪਏ ਟੋਲ ਪਲਾਜ਼ਿਆਂ ਕਾਰਨ ਕੰਪਨੀਆਂ ਨੂੰ ਜੋ ਵਿੱਤੀ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਲਈ ਜਾਂ ਤਾਂ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜੇ ਮੁਆਵਜ਼ਾ ਦੇਣਾ ਸੰਭਵ ਨਹੀਂ ਤਾਂ ਉਨ੍ਹਾਂ ਨੂੰ ਆਮਦਨੀ ਘਾਟਾ ਕਰਜ਼ਾ ਦਿੱਤਾ ਜਾਵੇ ।
ਦੱਸ ਦੇਈਏ ਕਿ ਪੰਜਾਬ ਵਿੱਚ 23 ਸਟੇਟ ਟੋਲ ਪਲਾਜ਼ਾ ਅਤੇ 21 ਨੈਸ਼ਨਲ ਟੋਲ ਪਲਾਜ਼ਾ ਹਨ, ਸਾਰੇ ਸਟੇਟ ਟੋਲ ਪਲਾਜ਼ਾ ਦੀ ਹਰ ਦਿਨ ਲਗਭਗ 62 ਤੋਂ 65 ਲੱਖ ਰੁਪਏ ਕਲੈਕਸ਼ਨ ਹੁੰਦੀ ਹੈ। ਇਹੀ ਕਾਰਨ ਹੈ ਕਿ ਕੰਪਨੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਜੀਐਮਐਰ ਅੰਬਾਲਾ-ਚੰਡੀਗੜ੍ਹ ਐਕਸਪ੍ਰੈੱਸਵੇ ਕੰਪਨੀ ਅਤੇ ਮੈਸਰਜ਼ ਪਾਨੀਪਤ-ਜਲੰਰ ਐਨਐਚ-1 ਟੋਲਵੇ ਪ੍ਰਾਈਵੇਟ ਲਿਮਿਟਡ ਕੰਪਨੀ ਨੇ ਬੀਤੀ ਜਨਵਰੀ ਮਹੀਨੇ ਵਿੱਚ ਆਪਣੇ ਕਰੋੜਾਂ ਰੁਪਏ ਦੇ ਨੁਕਸਾਨ ਦਾ ਹਵਾਲਾ ਦਿੰਦੇ ਹੋਏ ਪੰਜਾਬ-ਹਰਿਆਣਾ ਹਾਈਕੋਰਟ ਨੂੰ ਵੀ ਟੋਲ ਪਲਾਜ਼ਾ ਦੁਬਾਰਾ ਸ਼ੁਰੂ ਕਰਵਾਉਣ ਦੀ ਅਪੀਲ ਕੀਤੀ ਸੀ, ਜਿਸ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੇ NHAI ਤੋਂ ਨੋਟਿਸ ਜਾਰੀ ਕਰਕੇ ਜਵਾਬ ਕੀਤਾ ਸੀ।