Complaint lodged against singer : ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਵੱਲੋਂ ਹਾਲ ਹੀ ਵਿਚ ਰਿਲੀਜ਼ ਕੀਤਾ ਗਿਆ ਗੀਤ ’ਮੇਰਾ ਕੀ ਕਸੂਰ’ ਵਿਵਾਦਾਂ ਦੇ ਘੇਰੇ ਵਿਚ ਆ ਗਿਆ ਹੈ। ਇਸ ਗਾਣੇ ਕਰਕੇ ਰਣਜੀਤ ਬਾਵਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਣ ਦੇ ਲਈ ਪੁਲਿਸ ਵਿਚ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਇਹ ਗੀਤ ਬੀਤੇ ਸ਼ਨੀਵਾਰ ਨੂੰ ਰਿਲੀਜ਼ ਹੋਇਆ ਸੀ, ਇਸ ਗਾਣੇ ਨੂੰ ਲੈ ਕੇ ਦੋਸ਼ ਲੱਗੇ ਹਨ ਕਿ ਇਸ ਗਾਣੇ ਵਿਚ ਕੁਝ ਅਜਿਹੇ ਬੋਲ ਹਨ ਜਿਨ੍ਹਾਂ ਨਾਲ ਕਥਿਤ ਤੌਰ ’ਤੇ ਹਿੰਦੂ ਧਰਮ ਦੀਆਂ ਧਾਰਿਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਦੱਸ ਦੱਈਏ ਕਿ ਐਤਵਾਰ ਨੂੰ ਦੇਰ ਰਾਤ ਹਿੰਦੂ ਆਗੂ ਅਤੇ ਪੰਜਾਬ ਯੂਵਾ ਭਾਜਪਾ ਦੇ ਮੀਡੀਆ ਇੰਚਾਰਜ ਵਕੀਲ ਅਸ਼ੋਕ ਸ਼ਰੀਨ ਹਿੱਕੀ ਵੱਲੋਂ ਜਲੰਧਰ ਸ਼ਹਿਰ ਦੇ ਥਾਣਾ ਤਿੰਨ ’ਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੇ ਕਾਰਨ ਟਵਿਟਰ ’ਤੇ ਈਮੇਲ ਦੇ ਜ਼ਰੀਏ ਵੀਡੀਓ ਸਬੂਤ ਦੇ ਕੇ ਇਹ ਸ਼ਿਕਾਈਤ ਦਰਜ ਕਰਵਾਈ ਗਈ ਹੈ। ਐਫਆਈਆਰ ਦੀ ਇਕ- ਇਕ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਦਿਨਕਰ ਗੁਪਤਾ, ਰਾਜਪਾਲ ਵੀ.ਪੀ ਸਿੰਘ ਬਦਨੌਰ, ਜਲੰਧਰ ਪੁਲਿਸ ਕਮਿਸ਼ਨਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿੰਤ ਸ਼ਾਹ ਨੂੰ ਵੀ ਭੇਜੀ ਗਈ ਹੈ।
ਇਸ ਬਾਰੇ ਦੱਸਦਿਆਂ ਅਸ਼ੋਕ ਸਰੀਨ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲ ਰਹੇ ਇਸ ਸੰਕਟ ਦੇ ਦੌਰ ਵਿਚ ਰਣਜੀਤ ਬਾਵਾ ਵਰਗੇ ਗਾਇਕ ਵੱਲੋਂ ਇਸ ਤਰ੍ਹਾਂ ਦਾ ਗਾਣਾ ਰਲੀਜ਼ ਕਰਕੇ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਲਈ ਉਨ੍ਹਾਂ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਗਾਇਕ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਾਲ ਹੀ ਇਸ ਵਿਵਾਦਤ ਗਾਣੇ ਨੂੰ ਵੀ ਯੂਟਿਊਬ ਤੋਂ ਹਟਾਇਆ ਜਾਵੇ। ਇਸ ਤੋਂ ਇਲਾਵਾ ਅਸ਼ੋਕ ਸਰੀਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗਾਇਕ ਰਣਜੀਤ ਬਾਵਾ ਦੇ ਨਾਲ-ਨਾਲ ਗੀਤਕਾਰ ਬੀਰ ਸਿੰਘ, ਮਿਊਜਿਕ ਡਾਇਰੈਕਟਰ ਗੁਰਮੋਹ, ਵੀਡੀਓ ਡਾਈਰੈਕਟਰ ਧੀਮਾਨ ਪ੍ਰੋਡਕਸ਼ਨਜ਼ ਐਂਡ ਬੁੱਲ 18 ਕੰਪਨੀ ਖਿਲਾਫ਼ ਸ਼ਿਕਾਇਤ ਦਰਜ਼ ਕਰਵਾਈ ਗਈ ਹੈ।