Complete ban on these agrochemicals : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਗੁਣਵੱਤਾ ਲਈ ਨੁਕਸਾਨ ਦੇਹ ਹੋਣ ਕਾਰਨ 9 ਖੇਤੀ ਰਸਾਇਣਾਂ (ਕੀਟਨਾਸ਼ਕਾਂ) ਦੀ ਵਿਕਰੀ ਅਤੇ ਵਰਤੋਂ ’ਤੇ ਪੰਜਾਬ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਸਕੱਤਰ ਕੇ.ਐਸ. ਪੰਨੂ ਨੂੰ ਇਨ੍ਹਾਂ ਕੀਟਨਾਸ਼ਕਾਂ ਦੀ ਦੀ ਵਿਕਰੀ, ਮਾਲ ਭੰਡਾਰ ਕਰਨ, ਵੰਡ ਅਤੇ ਝੋਨੇ ਦੀ ਫਸਲ ’ਤੇ ਵਰਤੋਂ ਉਪਰ ਪਾਬੰਦੀ ਨੂੰ ਯਕੀਨੀ ਬਣਾਉਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ।
ਦੱਸਣਯੋਗ ਹੈ ਕਿ ਖੇਤੀਬਾੜੀ ਵਿਭਾਗ ਦੇ ਧਿਆਨ ਵਿੱਚ ਆਇਆ ਕਿ ਝੋਨੇ ਦੀ ਗੁਣਵੱਤਾ ਲਈ ਨੁਕਸਾਨਦੇਹ ਹੋਣ ਦੇ ਬਾਵਜੂਦ ਕਿਸਾਨਾਂ ਵੱਲੋਂ ਅਜੇ ਵੀ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਐਸੀਫੇਟ, ਟਰਾਈਜ਼ੋਫੋਸ, ਥਾਇਆਮੈਥੌਕਸਮ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਬੁਪਰੋਫੀਜ਼ਨ, ਕਾਰਬੋਫਿਊਰਾਨ, ਪਰੌਪੀਕੋਨਾਜ਼ੋਲ ਅਤੇ ਥਾਇਓਫਿਨੇਟ ਮਥਾਇਲ ਸ਼ਾਮਲ ਹਨ। ਸਰਕਾਰੀ ਲੈਬਾਰਟੀਆਂ ਵੱਲੋਂ ਸੈਂਪਲ ਟੈਸਟਿੰਗ ਜਾਰੀ ਕਰਨ ਤੋਂ ਬਾਅਦ ਕੀਟਨਾਸ਼ਕ ਐਕਟ, 1968 ਦੀ ਧਾਰਾ 27 ਤਹਿਤ ਤੁਰੰਤ ਪ੍ਰਭਾਵ ਨਾਲ ਇਨ੍ਹਾਂ ਖੇਤੀ-ਰਸਾਇਣਾਂ ’ਤੇ ਮੁੱਖ ਮੰਤਰੀ ਵੱਲੋਂ ਪਾਬੰਦੀ ਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਕੀਟਨਾਸ਼ਕਾਂ ਦੇ ਅੰਸ਼ ਸਰਕਾਰ ਵੱਲੋਂ ਤੈਅ ਕੀਤੇ ਵੱਧ ਤੋਂ ਵੱਧ ਅੰਸ਼ ਦੇ ਪੱਧਰ (ਐਮ.ਆਰ.ਐਲ.) ਤੋਂ ਵੱਧ ਰਹਿਣ ਦਾ ਖਤਰਾ ਬਣਿਆ ਰਹਿੰਦਾ ਹੈ। ਇਹ ਹੁਕਮ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਾਬੰਦੀ ਦਾ ਉਦੇਸ਼ ਝੋਨੇ ਦੀ ਗੁਣਵੱਤਾ ਨੂੰ ਬਚਾਉਣਾ ਹੈ ਜੋ ਕੌਮਾਂਤਰੀ ਮਾਰਕੀਟ ਵਿੱਚ ਝੋਨੇ ਦੀ ਬਰਾਮਦ ਅਤੇ ਲਾਹੇਵੰਦ ਕੀਮਤ ਲਈ ਬਹੁਤ ਅਹਿਮੀਅਤ ਰੱਖਦਾ ਹੈ।