Compressed biogas plant : ਚੰਡੀਗੜ੍ਹ : ਪਟਿਆਲਾ ਦੇ ਰੱਖੜਾ ਵਿੱਚ ਬੰਦ ਪਈ ਸਹਿਕਾਰੀ ਖੰਡ ਮਿੱਲ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐਲ.) ਦੁਆਰਾ ਇੱਕ ਕੰਪਰੈਸਡ ਬਾਇਓ ਗੈਸ (ਸੀ.ਬੀ.ਜੀ.) ਪਲਾਂਟ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਬਾਇਓ ਗੈਸ ਦੇ ਉਤਪਾਦਨ ਲਈ ਝੋਨੇ ਦੀ ਪਰਾਲੀ ਇਸਤੇਮਾਲ ਕੀਤੀ ਜਾਵੇਗੀ, ਜਿਸ ਨਾਲ ਪਰਾਲੀ ਸਾੜਨ ਦੇ ਮਾਮਲੇ ਵੀ ਘਟਣਗੇ ਅਤੇ ਅਤੇ ਇਹ ਜੈਵਿਕ ਖਾਦ ਦੇ ਉਤਪਾਦਨ ਦੁਆਰਾ ਮਿੱਟੀ ਦੀ ਉਪਜ ਸ਼ਕਤੀ ਨੂੰ ਵੀ ਵਧਾਏਗਾ। ਅੱਜ ਪੰਜਾਬ ਕੈਬਨਿਟ ਵੱਲੋਂ ਇਸ ਪਲਾਂਟ ਦੀ ਸਥਾਪਨਾ ਲਈ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਸੀ.ਬੀ.ਜੀ. ਪਲਾਂਟ ਵਿੱਚ 30 ਟਨ ਸੀ.ਬੀ.ਜੀ. (ਕੰਪਰੈਸਡ ਬਾਇਓ ਗੈਸ) ਉਤਪਾਦਨ ਦੀ ਸਮਰੱਥਾ ਹੋਵੇਗੀ ਅਤੇ ਇਸਦੀ ਪ੍ਰਤੀ ਦਿਨ ਫੀਡ ਸਟਾਕ ਸਮਰੱਥਾ ਕਰੀਬ 300 ਟਨ ਪਰਾਲੀ ਦੀ ਹੋਵੇਗੀ। ਇਹ ਪਲਾਂਟ ਲਗਭਗ 75,000 ਟਨ ਸਾਲਾਨਾ ਜੈਵਿਕ ਖਾਦ ਵੀ ਪੈਦਾ ਕਰੇਗਾ। ਇਸ ਨਾਲ ਗਰੀਨ ਹਾਊਸ ਗੈਸ (ਜੀ.ਐਚ.ਜੀ.) ਦਾ ਨਿਕਾਸ 98 ਫੀਸਦੀ ਘਟਣ ਦੀ ਸੰਭਾਵਨਾ ਹੈ। ਇਹ ਪਲਾਂਟ ਜੈਵਿਕ ਬਾਲਣਾਂ ‘ਤੇ ਨਿਰਭਰਤਾ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ ਅਤੇ ਇਸ ਤਰ੍ਹਾਂ ਸਰਕੁਲਰ ਆਰਥਿਕਤਾ ਨੂੰ ਉਤਸ਼ਾਹਤ ਕਰਨ ਵਿਚ ਵੱਡਾ ਯੋਗਦਾਨ ਪਾਵੇਗਾ। ਇਸ ਤੋਂ ਇਲਾਵਾ ਇਸ ਪ੍ਰਸਤਾਵਿਤ ਪਲਾਂਟ ਤੋਂ ਪੈਦਾ ਹੋਈ ਕੰਪਰੈਸਡ ਬਾਇਓ ਗੈਸ ਦੀ ਵਿਕਰੀ ‘ਤੇ ਜੀ.ਐਸ.ਟੀ. ਜ਼ਰੀਏ ਸੂਬਾ ਸਰਕਾਰ ਨੂੰ ਵਾਧੂ ਮਾਲੀਆ ਹਾਸਲ ਹੋਵੇਗਾ। ਇਸ ਪਲਾਂਟ ਦੀ ਸਥਾਪਨਾ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਸ਼ੂਗਰਫੈੱਡ ਦੇ ਸਹਿਯੋਗ ਨਾਲ ਤਿਆਰ ਕੀਤੇ ਜਾ ਰਹੇ ਇਸ ਪਲਾਂਟ ਵਿੱਚ ਦੀ ਸਥਾਪਨਾ ਲਈ ਮੰਤਰੀ ਮੰਡਲ ਨੇ ਆਈ.ਓ.ਸੀ.ਐਲ. ਨੂੰ ਮੁਹੱਈਆ ਕਰਵਾਈ ਜਾਣ ਵਾਲੀ ਬੰਦ ਖੰਡ ਮਿੱਲ ਦੀ 25 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਦੇ ਸਬੰਧ ਵਿੱਚ ਲੈਂਡ ਲੀਜ਼ ਸਮਝੌਤੇ ਸਮੇਤ ਸਾਰੇ ਨਿਯਮਾਂ ਅਤੇ ਸ਼ਰਤਾਂ ਦਾ ਨਿਪਟਾਰਾ ਕਰਨ ਦੇ ਅਧਿਕਾਰ ਵੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੌਂਪੇ ਦਿੱਤੇ ਹਨ। ਸਹਿਕਾਰਤਾ ਮੰਤਰੀ ਨੂੰ ਮੁੱਖ ਮੰਤਰੀ ਦੀ ਮਨਜ਼ੂਰੀ ਨਾਲ ਲੀਜ਼ ਦੇ ਨਿਯਮ ਅਤੇ ਸ਼ਰਤਾਂ ਬਾਰੇ ਫੈਸਲਾ ਲੈਣ ਦਾ ਅਧਿਕਾਰ ਸੌਂਪਿਆ ਗਿਆ ਹੈ। ਪਹਿਲੇ ਪੜਾਅ ਅਧੀਨ ਇਸ ਪ੍ਰਾਜੈਕਟ ਵਿਚ 180 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਝੋਨੇ ਦੀ ਪਰਾਲੀ ਅਤੇ ਹੋਰ ਬਾਇਓਮਾਸ ਤੋਂ ਬਾਇਓ ਗੈਸ ਦਾ ਉਤਪਾਦਨ ਕਰਨਾ ਸ਼ਾਮਲ ਹੋਵੇਗਾ। ਆਈ.ਓ.ਸੀ.ਐਲ. ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਤੋਂ ਝੋਨੇ ਦੀ ਪਰਾਲੀ ਦੀ ਖਰੀਦ ਕਰੇਗੀ। ਝੋਨੇ ਦੀ ਪਰਾਲੀ ਦੀ ਖਰੀਦ/ਸਪਲਾਈ ਦੀਆਂ ਕੀਮਤਾਂ ਆਪਸੀ ਗੱਲਬਾਤ ਤੋਂ ਬਾਅਦ ਤੈਅ ਕੀਤੀਆਂ ਜਾਣਗੀਆਂ।