Confirmation of 2 new Corona cases : ਅੱਜ ਵੀਰਵਾਰ ਨੂੰ ਮੋਹਾਲੀ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ ਸੈਕਟਰ-91 ਦੇ 33 ਸਾਲਾ NRI, ਜੋਕਿ ਕੁਝ ਦਿਨ ਪਹਿਲਾਂ ਹੀ ਸਪੇਨ ਤੋਂ ਪਰਤਿਆ ਸੀ ਅਤੇ ਇਕ 43 ਸਾਲਾ ਵਿਅਕਤੀ ਜੋ ਕਿ ਫੇਜ਼-10 ਦਾ ਰਹਿਣ ਵਾਲਾ ਹੈ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਦੋ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਮੋਹਾਲੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 278 ਹੋ ਗਈ ਹੈ, ਜਿਨ੍ਹਾਂ ਵਿਚੋਂ 76 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਅਜੇ ਵੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਦਿਨ ਇਥੇ 6 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਜਿਨ੍ਹਾਂ ਵਿਚ ਚਾਰ ਮਾਮਲੇ ਸੈਕਟਰ-50 ਦੇ ਇਕੋ ਹੀ ਪਰਿਵਾਰ ਦੇ ਹਨ। ਇਨ੍ਹਾਂ ਵਿਚ ਇਕ 31 ਸਾਲਾ ਵਿਅਕਤੀ, 9 ਮਹੀਨਿਆਂ ਦੀ ਬੱਚੀ, 31 ਸਾਲਾ ਔਰਤ ਅਤੇ ਇਕ 64 ਸਾਲਾ ਵਿਅਕਤੀ ਸ਼ਾਮਲ ਹੈ। ਉਥੇ ਹੀ ਦੋ ਮਾਮਲੇ ਸੈਕਟਰ-41 ਤੋਂ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਕ 21 ਸਾਲਾ ਲੜਕੀ ਅਤੇ 33 ਸਾਲਾ ਵਿਅਕਤੀ ਸ਼ਾਮਲ ਹੈ।
ਇਹ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਾਲੇ ਮਾਮਲੇ ਹਨ। ਚੰਡੀਗੜ੍ਹ ਵਿਚ ਵੀ ਹੁਣ ਕੋਰੋਨਾ ਦੇ ਕੁਲ ਨਵੇਂ ਮਾਮਲੇ ਵਧ ਕੇ 446 ਹੋ ਗਏ ਹਨ ਅਤੇ ਹੁਣ ਇਥੇ 73 ਮਾਮਲੇ ਸਰਗਰਮ ਹਨ। ਕੱਲ ਬੀਤੇ ਦਿਨ ਚੰਡੀਗੜ੍ਹ ਤੋਂ ਤਿੰਨ ਮਰੀਜ਼ਾਂ ਨੂੰ ਕੋਰੋਨਾ ਤੋਂ ਜੰਗ ਜਿੱਤਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਪੋਸਟ ਡਿਸਚਾਰਜ ਕੁਆਰੰਟਾਈਨ ਸੈਂਟਰ ਸੂਦ ਧਰਮਸ਼ਾਲਾ ਵਿਚ ਭੇਜ ਦਿੱਤਾ ਗਿਆ।