ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਤੋਂ ਵਿਆਹ ਦੀ ਤਰੀਕ ਤੋਂ ਇਕ ਦਿਨ ਪਹਿਲਾਂ ਬਾਰਾਤ ਲੈ ਕੇ ਪਹੁੰਚਣ ਦਾ ਅਜੀਬੋ ਗਰੀਬ ਮਾਮਲਾ ਸਾਮਹਣੇ ਆਇਆ ਹੈ। 27 ਫਰਵਰੀ ਨੂੰ ਆਉਣ ਵਾਲੀ ਬਾਰਾਤ ਇਕ ਦਿਨ ਪਹਿਲਾਂ ਦਰਵਾਜ਼ੇ ‘ਤੇ ਦੇਖ ਕੇ ਲੜਕੀ ਵਾਲੇ ਹੈਰਾਨ ਹੋ ਗਏ। ਵਿਆਹ ਦੀ ਤਰੀਕ ਨੂੰ ਲੈ ਕੇ ਦੋਵੇਂ ਪੱਖਾਂ ਵਿਚ ਸ਼ੁਰੂ ਵਿਚ ਦੁਚਿੱਤੀ ਦੀ ਸਥਿਤੀ ਸੀ। ਲੜਕੀ ਵਾਲਿਆਂ ਨੇ ਕਾਰਡ ਵਿਚ ਬਾਰਾਤ ਦੀ ਤਰੀਕ 27 ਤੇ ਲੜਕੇ ਵਾਲਿਆਂ ਦੇ ਕਾਰਡ ਵਿਚ 26 ਫਰਵਰੀ ਲਿਖੀ ਸੀ। ਅਚਾਨਕ ਬਾਰਾਤ ਦੇ ਆਉਣ ‘ਤੇ ਲੜਕੀ ਪੱਖ ਨੇ ਕਿਸੇ ਤਰ੍ਹਾਂ ਸਾਰੀਆਂ ਤਿਆਰੀਆਂ ਪੂਰੀਆਂ ਕੀਤੀਆਂ ਤੇ ਮੰਗਲਵਾਰ ਸਵੇਰੇ ਵਿਆਹ ਦੀਆਂ ਰਸਮਾਂ ਹੋਈਆਂ ਤੇ ਸ਼ਾਮ ਹੋਣ ਤੋਂ ਪਹਿਲਾਂ ਵਿਦਾਈ ਵੀ ਹੋ ਗਈ।
ਹਮੀਰਪੁਰਾ ਦੇ ਕੁਰਾਰਾ ਬਲਾਕ ਦੇ ਸਿਰਕੋਢੀ ਪਿੰਡ ਵਾਸੀ ਸਵ. ਰਾਮਫਲ ਅਨੁਰਾਗੀ ਦੀ ਪੁੱਤਰੀ ਰੇਖਾ ਦਾ ਵਿਆਹ ਸਦਰ ਕੋਤਵਾਲੀ ਦੇ ਪਾਰਾ ਪੁਰਵਾ ਪਿੰਡ ਦੇ ਬੇਟਾਰਾਮ ਤੋਂ ਤੈਅ ਹੋਈ ਸੀ। ਵਿਆਹ ਦੀ ਤਰੀਕ 27 ਫਰਵਰੀ ਰੱਖੀ ਗਈ ਸੀ ਪਰ ਕਾਰਡ ਛਪਾਈ ਵਿਚ 27 ਦੀ ਜਗ੍ਹਾ 26 ਫਰਵਰੀ ਦੀ ਤਰੀਕ ਛਪ ਗਏ। ਲਾੜੇ ਦੇ ਪਰਿਵਾਰ ਵਿਚ ਕੋਈ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਸੀ, ਇਸ ਲਈ ਕਿਸੇ ਨੇ ਤਰੀਕ ‘ਤੇ ਗੌਰ ਨਹੀਂ ਕੀਤਾ ਤੇ ਰਿਸ਼ਤੇਦਾਰਾਂ ਨੂੰ ਕਾਰਡ ਵੰਡ ਦਿੱਤੇ ਗਏ। ਇਸ ਲਈ ਵੰਡੇ ਗਏ ਕਾਰਡਾਂ ਦੀ ਤਰੀਕ ਦੇ ਹਿਸਾਬ ਨਾਲ ਰਿਸ਼ਤੇਦਾਰਾਂ ਦਾ ਆਉਣਾ ਸ਼ੁਰੂ ਹੋ ਗਿਆ। 26 ਫਰਵਰੀ ਨੂੰ ਉਹ ਲੋਕ ਬਾਰਾਤ ਲੈ ਕੇ ਸਿਰਕੋਢੀ ਪਿੰਡ ਪਹੁੰਚ ਗਏ। ਉਥੇ ਪਹੁੰਚਣ ਦੇ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਆਹ ਦੀ ਤਰੀਕ 27 ਫਰਵਰੀ ਰੱਖੀ ਗਈ ਸੀ।
ਇਕ ਦਿਨ ਪਹਿਲਾਂ ਦਰਵਾਜ਼ੇ ‘ਤੇ ਬਾਰਾਤ ਦੇਖ ਕੇ ਲੜਕੀ ਵਾਲੇ ਹੈਰਾਨ ਹੋ ਗਏ। ਬਾਰਾਤ ਇਕ ਦਿਨ ਪਹਿਲਾਂ ਆਈ ਤਾਂ ਸਾਰਾ ਪ੍ਰੋਗਰਾਮ ਵਿਗੜਨ ਲੱਗਾ ਪਰ ਪਿੰਡ ਦੇ ਸਾਰੇ ਲੋਕਾਂ ਨੇ ਮਿਲ ਕੇ ਮਦਦ ਕੀਤੀ। ਰਾਤੋਂ-ਰਾਤ ਬਾਰਾਤ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ। ਹਲਵਾਈ ਲਗਾ ਕੇ ਭੋਜਨ ਤਿਆਰ ਕਰਾਇਆ ਗਿਆ। ਜੈਮਾਲਾ ਆਦਿ ਦੀਆਂ ਰਸਮਾਂ ਹੋਈਆਂ ਤੇ ਸਵੇਰੇ ਫੇਰੇ ਹੋਏ ਤੇ ਸ਼ਾਮ ਹੁੰਦੇ-ਹੁੰਦੇ ਰੇਖਾ ਨੂੰ ਵਿਦਾ ਕੀਤਾ ਗਿਆ। ਇਸ ਨਾਲ ਦੋਵੇਂ ਧਿਰਾਂ ਸੰਤੁਸ਼ਟ ਨਜ਼ਰ ਆਈਆਂ ਤੇ ਪਿੰਡ ਦਾ ਵੀ ਮਾਣ-ਸਨਮਾਨ ਬਚ ਗਿਆ। ਪਰ ਜ਼ਿਲ੍ਹੇ ਭਰ ਤੇ ਆਸ-ਪਾਸ ਦੇ ਖੇਤਰਾਂ ਵਿਚ ਵਿਆਹ ਦੇ ਇਕ ਦਿਨ ਪਹਿਲਾਂ ਬਾਰਾਤ ਲੈ ਕੇ ਪਹੁੰਚਣ ਦਾ ਮਾਮਲਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।