Conspiracy to assassinate Hindu leaders : ਲੁਧਿਆਣਾ : ਸ਼ਿਵ ਸੈਨਾ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਸ਼ਿਵ ਸੇਨਾ ਹਿੰਦੁਸਤਾਨ ਦੇ ਉੱਤਰ ਭਾਰਤ ਪ੍ਰਮੁੱਖ ਹਨੀ ਮਹਾਜਨ ‘ਤੇ ਹੋਏ ਅੱਤਵਾਦੀ ਹਮਲੇ, ਤਰਨਤਾਰਨ ਵਿੱਚ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਅਤੇ ਹਾਲ ਹੀ ਵਿੱਚ ਬਠਿੰਡਾ ਵਿੱਚ ਡੇਰਾ ਪ੍ਰੇਮੀ ਦੀ ਸਰੇਆਮ ਗੋਲੀਆਂ ਮਾਰਕੇ ਹੋਈ ਹੱਤਿਆ ਦੀ ਸਖਤ ਨਿੰਦਾ ਕਰਦੇ ਹੋਏ ਕੈਪਟਨ ਸਰਕਾਰ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ‘ਤੇ ਹਿੰਦੂ ਆਗੂਆਂ ਨੂੰ ਮਰਵਾਉਣ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇੱਕ ਪਾਸੇ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਵਲੋਂ ਸ਼ਰੇਆਮ ਗੋਲੀਆਂ ਮਾਰਕੇ ਹੱਤਿਆਵਾਂ ਕੀਤੀਆਂ ਜਾ ਰਹੀ ਹਨ ,ਉਥੇ ਹੀ ਦੂਜੇ ਪਾਸੇ ਹਿੰਦੂ ਆਗੂਆਂ ਦੀ ਸੁਰੱਖਿਆ ਨੂੰ 98 ਫ਼ੀਸਦੀ ਤੱਕ ਘੱਟ ਕਰਕੇ ਉਨ੍ਹਾਂ ਨੂੰ ਮਰਵਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ।
ਇਹ ਪ੍ਰਗਟਾਵਾ ਆਪਣੇ ਇੱਕ ਦਿਨ ਦੇ ਦੌਰੇ ਦੌਰਾਨ ਵਿਸ਼ੇਸ਼ ਤੌਰ ‘ਤੇ ਲੁਧਿਆਨਾ ਪਹੁੰਚੇ ਸ਼ਿਵਸੇਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਕੀਤਾ, ਜਿਥੇ ਪਾਰਟੀ ਕੋਰ ਕਮੇਟੀ ਦੇ ਆਗੂਆਂ ਦੀ ਅਹਿਮ ਬੈਠਕ ਹੋਈ। ਮੀਟਿੰਗ ਵਿੱਚ ਪੰਜਾਬ ਵਿੱਚ ਪਹਿਲਾਂ ਗੁਰਦਾਸਪੁਰ ਵਿੱਚ ਸ਼ਿਵ ਸੇਨਾ ਹਿੰਦੁਸਤਾਨ ਦੇ ਉੱਤਰ ਭਾਰਤ ਪ੍ਰਮੁੱਖ ਹਨੀ ਮਹਾਜਨ ‘ਤੇ ਹੋਏ ਅੱਤਵਾਦੀ ਹਮਲੇ, ਤਰਨਤਾਰਨ ਵਿੱਚ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਅਤੇ ਹਾਲ ਹੀ ਵਿੱਚ ਬਠਿੰਡਾ ਵਿੱਚ ਡੇਰਾ ਪ੍ਰੇਮੀ ਦੀ ਸਰੇਆਮ ਗੋਲੀਆਂ ਮਾਰਕੇ ਹੋਈ ਹੱਤਿਆ ਦੀ ਸਖਤ ਨਿੰਦਾ ਕੀਤੀ ਗਈ। ਇਸ ਦੀ ਅਗਵਾਈ ਕਰਦਿਆਂ ਗੁਪਤਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਰਗਰਮ ਵੱਖਵਾਦੀ ਦੇਸ਼ ਵਿਰੋਧੀ ਤਾਕਤਾਂ ਪੰਜਾਬ ਨੂੰ ਮੁੜ ਅੱਤਵਾਦ ਦੀ ਭੱਠੀ ਵਿੱਚ ਝੌਂਕਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਿ ਹਰਗਿਜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਬਠਿੰਡਾ ਦੇ ਭਗਤਾ ਭਾਈ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਡੇਰਾ ਪ੍ਰੇਮੀ ਦੀ ਹੱਤਿਆ ਕਰਣ ਦੇ ਬਾਅਦ ਗੈਂਗਸਟਰ ਵਲੋਂ ਸਰੇਆਮ ਜ਼ਿੰਮੇਦਾਰੀ ਲੈਣ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਕਿਹਾ ਕਿ ਸ਼ਿਵਸੇਨਾ ਹਿੰਦੁਸਤਾਨ ਕਾਨੂੰਨ ਵਿਵਸਥਾ ਤੋਂ ਉਪਰ ਉੱਠਕੇ ਜੰਗਲਰਾਜ ਦੀ ਸਥਾਪਨਾ ਕਰਨ ਵਿੱਚ ਜੁਟੇ ਅਜਿਹੇ ਤਮਾਮ ਦੇਸ਼ਵਿਰੋਧੀਆਂ ਅਤੇ ਗੈਂਗਸਟਰਾਂ ਦੇ ਖਿਲਾਫ ਡਟ ਕੇ ਡੇਰਾ ਪ੍ਰੇਮੀਆਂ ਦੇ ਨਾਲ ਖੜ੍ਹੀ ਹੈ। ਪਵਨ ਗੁਪਤਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ‘ਤੇ ਆਪਣਾ ਸਟੈਂਡ ਸਪੱਸ਼ਟ ਕਰਦੇ ਹੋਏ ਕਿਹਾ ਕਿ ਕਿਸੇ ਵੀ ਧਰਮ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਕਾਨੂੰਨ ਦੇ ਦਾਇਰੇ ਵਿੱਚ ਫ਼ਾਂਸੀ ਤੇ ਲਟਕਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਦਾਅਵੇ ਦੇ ਨਾਲ ਕਹਿ ਸੱਕਦੇ ਹਨ ਕਿ ਪਹਿਲਾਂ ਹਨੀ ਮਹਾਜਨ ‘ਤੇ ਅੱਤਵਾਦੀ ਹਮਲਾ ਕਰਵਾਉਣ, ਫਿਰ ਕਾਮਰੇਡ ਬਲਵਿੰਦਰ ਸਿੰਘ ਅਤੇ ਹੁਣ ਡੇਰਾ ਪ੍ਰੇਮੀ ਦੀ ਸ਼ਰੇਆਮ ਹੱਤਿਆ ਕਰਵਾਉਣ ਦੇ ਪਿੱਛੇ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਦਾ ਗੱਠਜੋੜ ਹੀ ਹੋ ਸਕਦਾ ਹੈ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਗਠਜੋੜ ਨੇ ਪੰਜਾਬ ਦੇ ਇੱਕ ਦਰਜਨ ਤੋਂ ਵੀ ਜ਼ਿਆਦਾ ਧਾਰਮਿਕ ਆਗੂਆਂ ਦੀਆਂ ਹੱਤਿਆਵਾਂ ਕਰਵਾ ਕੇ ਪੰਜਾਬ ਦੇ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ ਹੈ।