Construction of Bridge related kartarpur corridor : ਭਾਰਤ ਅਤੇ ਪਾਕਿ ਵਿਚਕਾਰ ਕਰਤਾਰਪੁਰ ਕਾਰੀਡੋਰ ਦੇ ਪਾਕਿਸਤਾਨ ਵੱਲੋਂ ਬਣਾਏ ਜਾਣ ਵਾਲੇ ਪੁਲ ਦੀ ਉਸਾਰੀ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦੇ ਨਿਰਮਾਣ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਟੈਕਨੀਕਲ ਅਧਿਕਾਰੀ ਵੀਰਵਾਰ ਨੂੰ ਬੈਠਕ ਲਈ ਪਹੁੰਚੇ। ਪਾਕਿ ਵੱਲੋਂ ਪਹੁੰਚੇ ਚਾਰ ਟੈਕਨੀਕਲ ਅਧਿਕਤਾਰੀਆਂ ਨੇ ਪੁਲ ਦਾ ਸਰਵੇਅ ਕੀਤਾ। ਇਕ ਘੰਟੇ ਤੱਕ ਭਾਰਤ-ਪਾਕਿ ਦੇ ਅਧਿਕਾਰੀਆਂ ਵਿਚਾਲੇ ਬੈਠਕ ਚੱਲੀ। ਡੇਰਾ ਬਾਬਾ ਨਾਨਕ ਦੀ ਕੌਮੀ ਸਰਹੱਦ ’ਤੇ ਬਣੇ ਕਰਤਾਰਪੁਰ ਕਾਰੀਡੋਰ ਦੀ ਜ਼ੀਰੋ ਲਾਈਨ ’ਤੇ ਪਾਕਿਸਤਾਨ ਵੱਲੋਂ ਪੁਲ ਬਣਾਉਣ ਲਈ ਭਾਰਤ ਵੱਲੋਂ ਨੈਸ਼ਨਲ ਹਾਈਵੇ ਅਥਾਰਿਟੀ ਤੇ ਪਾਕਿਸਤਾਨ ਦੇ ਟੈਕਨੀਕਲ ਇੰਜੀਨੀਅਰਾਂ ਦੀਆਂ ਚਾਰ-ਚਾਰ ਮੈਂਬਰੀ ਕਮੇਟੀ ਨੇ ਪੁਲ ਦਾ ਸਰਵੇਅ ਕੀਤਾ। ਇਸ ਦੌਰਾਨ ਬੀਐਸਐਫ ਦੀ 185 ਬਟਾਲੀਅਨ ਨੇ ਸਖਤ ਪ੍ਰਬੰਧ ਕੀਤੇ ਹੋਏ ਸਨ। ਪੁਲ ਦੇ ਸਰਵੇਅ ਨੂੰ ਲੈ ਕੇ 11 ਵਜੇ ਸ਼ੁਰੂ ਹੋਈ ਬੈਠਕ ਵਿਚ ਪੁਲ ਦੀ ਸੈਂਟਰ ਲਾਈਨ ਦੇ ਸਰਵੇਅ ਤੇ ਐਫਐਲਆਰ ਸਬੰਧੀ 12 ਵਜੇ ਤੱਕ ਗੱਲਬਾਤ ਚੱਲੀ। ਇਸ ਦੌਰਾਨ ਨੈਸ਼ਨਲ ਹਾਈਵੇਟ ਅਥਾਰਟੀ ਆਫ ਇੰਡੀਆ ਦੇ ਵਾਈਸ ਪ੍ਰਧਾਨ ਜਤਿੰਦਰ ਸਿੰਘ ਤੇ ਪਾਕਿ ਵੱਲੋਂ ਐਮਡੀ ਮੁਰਾਦ ਨੌਸ਼ਾਦ ਤੇ ਉਨ੍ਹਾਂ ਦੇ ਤਿਨ ਸਹਾਇਕ ਵੀ ਸ਼ਾਮਲ ਸਨ। ਇਕ ਘੰਟੇ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਦੀ ਚੱਲੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਰਹੱਦ ’ਤੇ ਹੋਈ ਬੈਠਕ ਦਾ ਮੁੱਖ ਉਦੇਸ਼ ਪਾਕਿ ਵੱਲੋਂ ਬਣਾਏ ਜਾਣ ਵਾਲੇ ਕਰਤਾਰਪੁਰ ਕਾਰੀਡੋਰ ਦੇ ਪੁਲ ਦਾ ਸਰਵੇਅ ਸੀ। ਪਾਕਿ ਦੇ ਟੈਕਨੀਕਲ ਇੰਜੀਨੀਅਰਾਂ ਵੱਲੋਂ ਪਾਕਿ ਵੱਲੋਂ ਲਗਭਗ 260 ਮੀਟਰ ਲੰਮਾ ਪੁਲ ਬਣਾਇਆ ਜਾਵੇਗਾ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਤਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਕਰਤਾਰਪੁਰ ਕਾਰੀਡੋਰ ਬਣਾਉਣ ਤੋਂ ਪਹਿਲਾਂ ਆਪਸੀ ਸਹਿਮਤੀ ਨਾਲ ਦੋਵਾਂ ਦੇਸ਼ਾਂ ਵਿਚਕਾਰ ਪੁਲ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ, ਜੋ ਕਿ ਭਾਰਤੀ ਖੇਤਰ ਤੋਂ ਪਾਕਿਸਤਾਨ ਤੱਕ ਬਣਾਇਆ ਜਾਣਾ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਇਸ ਪੁਲ ਨੂੰ ਆਪਣੀ ਸਰਹੱਦ ਤੱਕ ਸਮੇਂ ਸਿਰ ਪੂਰਾ ਕਰ ਲਿਆ। ਪਰ ਪਾਕਿਸਤਾਨ ਨੇ ਕੰਮ ਸ਼ੁਰੂ ਕਰਨ ਤੋਂ ਬਾਅਦ ਪੁਲ ਦਾ ਨਿਰਮਾਣ ਬੰਦ ਕਰ ਦਿੱਤਾ। ਹੁਣ ਪਾਕਿਸਤਾਨ ਆਪਣੇ ਪਾਸੇ ਪੁਲ ਬਣਾਉਣ ਵਿੱਚ ਦਿਲਚਸਪੀ ਰੱਖਦਾ ਹੈ, ਇਸ ਲਈ ਇਹ 4 ਮੈਂਬਰੀ ਸਰਵੇਖਣ ਟੀਮ ਭਾਰਤੀ ਖੇਤਰ ਵਿੱਚ ਪੁਲ ਦਾ ਨਿਰੀਖਣ ਕਰਨ ਅਤੇ ਪੁਲ ਦੇ ਨਿਰਮਾਣ ਬਾਰੇ ਭਾਰਤੀ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਆਈ। ਪੁਲ ਦੇ ਨਿਰਮਾਣ ਸਬੰਧੀ ਤਕਨੀਕੀ ਪਹਿਲੂਆਂ ਤੇ ਵਿਚਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਸਰਕਾਰ ਛੇਤੀ ਤੋਂ ਛੇਤੀ 260 ਮੀਟਰ ਲੰਬੇ ਪੁਲ ਦਾ ਨਿਰਮਾਣ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਭਾਰਤ-ਪਾਕਿ ਦੀ ਸਰਹੱਦ ’ਤੇ ਜ਼ੀਰੋ ਲਾਈਨ ’ਤੇ ਨਿਰਮਾਣ ਕੀਤੇ ਗਏ 100 ਮੀਟਰ ਲੰਮੇ ਪੁਲ ਸਬੰਧੀ ਪਾਕਿ ਨੂੰ ਐਫਆਰਐਲ ਦੇ ਦਸਤਾਵੇਜ਼ ਸਾਂਝੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਟੈਕਨੀਕਲ ਇੰਜੀਨੀਅਰਾਂ ਵੱਲੋਂ ਜ਼ੀਰੋ ਲਾਈਨ ’ਤੇ ਭਾਰਤ ਵੱਲੋਂ ਬਣਆਏ ਪੁਲ ਤੇ ਪਾਕਿ ਵੱਲੋਂ ਬਣਾਏ ਜਾਣ ਵਾਲੇ ਪੁਲ ਦਾ ਸਰਵੇਅ ਕੀਤਾ। ਸਰਵੇਅ ਤੋਂ ਬਾਅਦ ਬਣਾਏ ਜਾਣ ਵਾਲੇ ਪੁਲ ਦਾ ਨਕਸ਼ਾ ਤਿਆਰ ਹੋਣ ਤੋਂ ਬਾਅਦ ਪੁਲ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਜੇਕਰ ਪਾਕਿਸਤਾਨ ਜੰਗੀ ਪੱਧਰ ’ਤੇ ਪੁਲ ਦਾ ਨਿਰਮਾਣ ਕਰਦਾ ਹੈ ਤਾਂ ਉਨ੍ਹਾਂ ਨੂੰ ਇਸ ਕੰਮ ਵਿਚ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ। ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਭਾਰਤ-ਪਾਕਿ ਸਰਹੱਦ ’ਤੇ ਜ਼ੀਰੋ ਲਾਈਨ ’ਤੇ ਬਣਨ ਵਾਲੇ ਇਸ ਪੁਲ ਦੇ ਨਿਰਮਾਣ ਨਾਲ ਸ਼ਰਧਾਲੂਆਂ ਨੂੰ ਕਾਫੀ ਫਾਇਦਾ ਹੋਵੇਗਾ। ਦੱਸ ਦੇਈਏ ਕਿ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਲਈ ਡੇਰਾ ਬਾਬਾ ਨਾਨਕ ਦੇ ਕੋਲ ਜ਼ੀਰੋ ਲਾਈਨ ’ਤੇ ਇਕ ਪੁਲ ਬਣਾਇਆ ਜਾਣਆ ਹੈ। ਭਾਰਤ ਨੇ ਆਪਣੀ ਸਰਹੱਦ ਵਿਚ ਬਣਨ ਵਾਲਾ ਪੁਲ ਸ੍ਰੀ ਕਰਤਾਰਪੁਰ ਕਾਰੀਡੋਰ ਦੇ ਉਦਘਾਟਨ ਤੋਂ ਦੋ ਹਫਤੇ ਪਹਿਲਾਂ ਅਕਤੂਬਰ 2019 ਵਿਚ ਹੀ ਬਣਾ ਲਿਆ ਸੀ, ਉਥੇ ਪਾਕਿਸਤਾਨ ਵੱਲੋਂ ਪੁਲ ਇਸ ਦੇ ਸੈਕੰਡ ਫੇਸ ਵਿਚ ਬਣਾਇਆ ਜਾਣਾ ਹੈ।