Corona cases found again : ਪਟਿਆਲਾ : ਕੋਰੋਨਾ ਦੇ ਮਾਮਲੇ ਪੰਜਾਬ ਵਿੱਚ ਫਿਰ ਵਧਣੇ ਸ਼ੁਰੂ ਹੋ ਗਏ ਹਨ। ਹੁਣ ਸਭ ਤੋਂ ਵੱਧ ਖਤਰਾ ਸਕੂਲਾਂ ’ਤੇ ਮੰਡਰਾ ਰਿਹਾ ਹੈ, ਜਿਥੋਂ ਆਏ ਦਿਨ ਨਵੇਂ ਮਾਮਲੇ ਨਿਕਲ ਰਹੇ ਹਨ। ਸ਼ਨੀਵਾਰ ਦੁਪਹਿਰ ਨੂੰ ਪਟਿਆਲਾ ਜ਼ਿਲ੍ਹੇ ਵਿੱਚ 14 ਹੋਰ ਅਧਿਆਪਕ ਅਤੇ ਛੇ ਵਿਦਿਆਰਥੀਆਂ ਦੇ ਕੋਰੋਨਾ ਦੀ ਲਪੇਟ ਵਿੱਚ ਆਉਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਅਜੇ 100 ਹੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਰਿਪੋਰਟ ਦੇ ਨਤੀਜੇ ਆਉਣੇ ਬਾਕੀ ਹੈ।
ਜਿਵੇਂ ਕਿ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਗਿਆ ਹੈ, ਸਿਹਤ ਵਿਭਾਗ ਨੇ ਅਗਲੇ 48 ਘੰਟਿਆਂ ਲਈ ਕੁਝ ਸਕੂਲਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਸਕੂਲਾਂ ਵਿਚੋਂ ਕੋਰੋਨਾ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਸਰਕਾਰੀ ਹਾਈ ਸਕੂਲ ਭਾਨੜਾ, ਸਰਕਾਰੀ ਮੈਰੀਟੋਰੀਅਸ ਸਕੂਲ, ਸਰਕਾਰੀ ਹਾਈ ਸਕੂਲ ਡਰੋਲੀ, ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਸੈਦਖੇੜੀ, ਮੁਕਤ ਪਬਲਿਕ ਸਕੂਲ ਰਾਜਪੁਰਾ ਅਤੇ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਫੈਕਟਰੀ ਖੇਤਰ ਦੇ ਸਰਕਾਰੀ ਹਾਈ ਸਕੂਲ ਵਿੱਚ ਸ਼ੁੱਕਰਵਾਰ ਨੂੰ 12 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ। ਪਟਿਆਲਾ ਦੇ ਸਿਹਤ ਵਿਭਾਗ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਹੀ ਟੈਸਟਾਂ ਦੀ ਰੈਪਿੰਗ ਕੀਤੀ ਹੈ, ਅਤੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਟਰੇਸਿੰਗ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਰਾਜ ਵਿੱਚ ਵੀਰਵਾਰ ਨੂੰ 1,071 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ, ਜੋ ਨਵੰਬਰ 2020 ਤੋਂ ਬਾਅਦ ਦੇ ਸਭ ਤੋਂ ਵੱਧ ਹਨ। ਪੰਜਾਬ ਵਿੱਚ ਰੋਜ਼ਾਨਾ ਸਰਗਰਮ ਮਾਮਲਿਆਂ ਵਿੱਚ 671 ਦਾ ਵਾਧਾ ਹੋਇਆ ਹੈ, ਜਦੋਂ ਕਿ ਰੋਜ਼ਾਨਾ ਮੌਤਾਂ ਦੀ ਗਿਣਤੀ ਵਿੱਚ 15 ਦਾ ਵਾਧਾ ਹੋਇਆ ਹੈ।