Corona cases from Ropar and Chandigarh : ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਤਾਜ਼ਾ ਆਏ ਮਾਮਲਿਆਂ ਵਿਚ ਰੋਪੜ ਤੇ ਚੰਡੀਗੜ੍ਹ ਤੋਂ ਤਿੰਨ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰੋਪੜ ਜ਼ਿਲੇ ਵਿਚ ਇਕ ਮਜ਼ਦੂਰ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਜੋ ਯੂਪੀ ਦੇ ਕਾਹਨਪੁਰ ਤੋਂ ਲਗਭਗ 800 ਕਿਲੋਮੀਟਰ ਪੈਦਲ ਤੁਰ ਕੇ ਰੋਪੜ ਵਿਚ ਆਪਣੇ ਪਿਤਾ ਕੋਲ ਆਇਆ ਸੀ।ਇਹ 21 ਸਾਲਾ ਨੌਜਵਾਨ ਕਾਹਨਪੁਰ (ਯੂਪੀ) ਵਿਚ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਲਈ ਗਿਆ ਹੋਇਆ ਸੀ ਅਤੇ ਉਥੇ ਮਜ਼ਦੂਰੀ ਦਾ ਕੰਮ ਕਰਦਾ ਸੀ। ਪਰ ਅਚਾਨਕ ਲੌਕਡਾਊਨ ਲੱਗ ਜਾਣ ਕਾਰਨ ਉਸ ਦਾ ਰੋਜ਼ਗਾਰ ਖਤਮ ਹੋ ਗਿਆ, ਜਿਸ ਕਾਰਨ ਉਸ ਨੂੰ ਮਜਬੂਰੀ ਵਿਚ ਉਥੋਂ ਪੈਦਲ ਤੁਰ ਕੇ ਹੀ ਰੂਪਨਗਰ ਆਉਣਾ ਪਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਉਹ ਆਪਣੇ ਘਰ ਨਹੀਂ ਗਿਆ ਅਤੇ ਸਿਰਫ ਆਪਣੇ ਪਿਤਾ ਨੂੰ ਮਿਲ ਕੇ ਫਲੂ ਸੈਂਟਰ ਵਿਚ ਚਲਾ ਗਿਾ, ਜਿਥੇ ਉਸ ਦੇ ਕੋਰੋਨਾ ਸੈਂਪਲ ਟੈਸਟ ਕੀਤੇ ਗਏ ਤਾਂ ਉਸ ਦੀ ਰਿਪੋਰਟ ਪਾਜ਼ੀਟਿਵ ਆਈ। ਉਸ ਨੂੰ ਹੁਣ ਰੂਪਨਗਰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰਖਿਆ ਗਿਆ ਹੈ। ਦੱਸ ਦੇਈਏ ਕਿ ਇਸ ਨਵੇਂ ਮਾਮਲੇ ਦੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਐਕਟਿਵ ਮਰੀਜ਼ਾਂ ਦੀ ਗਿਣਤੀ 55 ਹੋ ਗਈ ਹੈ।
ਉਧਰ ਚੰਡੀਗੜ੍ਹ ਵਿਚ ਵੀ ਕੋਰੋਨਾ ਦਾ ਗੜ੍ਹ ਬਣ ਚੁੱਕੇ ਬਾਪੂਧਾਮ ਕਾਲੋਨੀ ਵਿਚੋਂ ਬੁੱਧਵਾਰ ਦੇਰ ਰਾਤ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਇਥੇ ਇਕ 7 ਸਾਲਾ ਬੱਚੇ ਅਤੇ ਇਕ 76 ਸਾਲ ਦੇ ਬਜ਼ੁਰਗ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਨ੍ਹਾਂ ਦੋ ਮਾਮਲਿਆਂ ਨੂੰ ਮਿਲਾ ਕੇ ਹੁਣ ਚੰਡੀਗੜ੍ਹ ਵਿਚ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 193 ਹੋ ਗਈ ਹੈ। ਇਥੇ ਦੱਸ ਦੇਏ ਕਿ ਚੰਡੀਗੜ੍ਹ ਵਿਚ ਸਿਰਫ ਬਾਪੂਧਾਮ ਕਾਲੋਨੀ ਵਿਚੋਂ ਹੀ ਹੁਣ ਤੱਕ 124 ਮਾਮਲੇ ਸਾਹਮਣੇ ਆਏ ਹਨ।