Corona destroys entire family : ਨਵੀਂ ਦਿੱਲੀ: ਕਰੋਨਾਵਾਇਰਸ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਜਾ ਰਹੀ ਹੈ। ਮੌਤ ਦੇ ਇਸ ਵੱਧ ਰਹੇ ਅੰਕੜਿਆਂ ਵਿਚ ਬਹੁਤ ਸਾਰੇ ਹੱਸਦੇ-ਖੇਡਦੇ ਪਰਿਵਾਰ ਤਬਾਹ ਹੋ ਗਏ। ਮੂਲ ਤੌਰ ’ਤੇ ਚੇਨਈ ਦੇ ਰਹਿਣ ਵਾਲੇ ਰਾਮਲਿੰਗਮ ਦੇ ਪਰਿਵਾਰ ’ਤੇ ਮਹਾਮਾਰੀ ਦੀ ਅਜਿਹੀ ਆਫਤ ਆਈ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ।
ਪਿਛਲੇ ਮਹੀਨੇ ਬੇਟੀ ਦੀ ਮੌਤ ਹੋ ਗਈ। ਇਸ ਮਹੀਨੇ ਦੇ ਸ਼ੁਰੂ ਵਿਚ ਰਾਮਲਿੰਗਮ ਦੀ ਮੌਤ ਹੋ ਗਈ। ਕੁਝ ਹੀ ਦਿਨਾਂ ਵਿਚ ਉਸ ਦੀ ਪਤਨੀ ਦਾ ਵੀ ਦਿਹਾਂਤ ਹੋ ਗਿਆ। ਨੋਇਡਾ ਸੈਕਟਰ -49 ਦਾ ਰਹਿਣ ਵਾਲਾ ਰਾਮਲਿੰਗਮ ਮੂਲ ਤੌਰ ’ਤੇ ਚੇਨਈ ਦਾ ਰਹਿਣ ਵਾਲਾ ਸੀ। ਪਿਛਲੇ ਮਹੀਨੇ ਉਸਦੀ ਧੀ ਨੂੰ ਕੋਰੋਨਾ ਹੋਇਆ ਸੀ। ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ 20 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਰਾਮਲਿੰਗਮ ਨੂੰ ਵੀ ਕੋਰੋਨਾ ਦੀ ਲਾਗ ਲੱਗ ਗਈ। ਉਸਨੂੰ ਹਸਪਤਾਲ ਵਿੱਚ ਹੀ ਦਾਖਲ ਕਰਵਾਇਆ ਗਿਆ, ਜਿਥੇ ਮਈ ਦੀ ਸ਼ੁਰੂਆਤ ਵਿੱਚ ਉਸਦੀ ਵੀ ਮੌਤ ਹੋ ਗਈ।
ਕੋਰੋਨਾ ਦਾ ਕਹਿਰ ਇਸ ਪਰਿਵਾਰ ‘ਤੇ ਇਥੇ ਨਹੀਂ ਰੁਕਿਆ। ਰਾਮਲਿੰਗਮ ਦੀ ਪਤਨੀ ਵਨੀਤਾ ਨੂੰ ਵੀ ਕੋਰੋਨਾ ਨੇ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਬੁੱਧਵਾਰ ਨੂੰ ਉਹ ਵੀ ਦੁਨੀਆ ਛੱਡ ਕੇ ਚਲੀ ਗਈ। ਇਸ ਵਾਰ ਹਾਲਾਤ ਇੰਨੇ ਭਿਆਨਕ ਸਨ, ਕਿ ਵਨਿਤਾ ਨੂੰ ਮੋਢਾ ਦੇਣ ਵਾਲਾ ਉਨ੍ਹਾਂ ਦੇ ਪਰਿਵਾਰ ਦਾ ਕੋਈ ਨਹੀਂ ਬਚਿਆ। ਆਖਰੀ ਸਮੇਂ ‘ਤੇ ਵਨਿਥਾ ਦਾ ਕੋਈ ਪਰਿਵਾਰ ਨਾ ਹੋਣ ਕਰਕੇ ਉਸ ਦੀ ਮ੍ਰਿਤਕ ਦੇਹ ਐਂਬੂਲੈਂਸ ਰਾਹੀਂ ਸੈਕਟਰ -94 ਸਥਿਤ ਸ਼ਮਸ਼ਾਨਘਾਟ ਲਿਆਂਦੀ ਗਈ, ਇਥੇ ਸੈਕਟਰ-33 ਆਰਡਬਲਯੂਏ ਦੇ ਪ੍ਰਧਾਨ ਪ੍ਰਦੀਪ ਵੋਹਰਾ ਨੇ ਆਪਣੇ ਸਾਥੀ ਵਰਿੰਦਰ ਦੀ ਮਦਦ ਨਾਲ ਸੀਐਨਜੀ ਮਸ਼ੀਨ ਰਾਹੀਂ ਵਨਿਥਾ ਦਾ ਅੰਤਿਮ ਸੰਸਕਾਰ ਕਰਵਾਇਆ।