Corona happened to Snake Charmer : ਲੁਧਿਆਣਾ ਵਿੱਚ ਲੋਕਾਂ ਨੂੰ ਕੋਰੋਨਾ ਤੋਂ ਬਚਣ ਦੇ ਨੁਸਖੇ ਦੱਸਣ ਵਾਲੇ ਇੱਕ ਸਪੇਰੇ ਦੀ ਆਪਣੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਸਪੇਰਾ ਦੇਸੀ ਦਵਾਈਆਂ ਨਾਲ ਲੋਕਾਂ ਨੂੰ ਕੋਰੋਨਾ ਦੇ ਇਲਾਜ ਦਾ ਦਾਅਵਾ ਕਰਦਾ ਹੈ। ਇਥੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਇਕ ਰੀਲਿਜ਼ ਅਨੁਸਾਰ, ਉਹ ਕਥਿਤ ਤੌਰ ‘ਤੇ ਕੋਵਿਡ-19 ਤੋਂ ਸੁਰੱਖਿਅਤ ਰਹਿਣ ਲਈ ਲੋਕਾਂ ਨੂੰ ਗੈਰ-ਵਾਜਬ ਸੁਝਾਅ ਅਤੇ ਦੇਸੀ ਨੁਸਖੇ ਦੱਸਦਾ ਸੀ।
ਸਪੇਰੇ ਦੀ ਬੀਤੇ ਦਿਨ ਲਲਟਨ ਕਲਾਂ ਬੱਸ ਅੱਡੇ ਵਿਖੇ ਸਿਹਤ ਟੀਮਾਂ ਵੱਲੋਂ ਲਗਾਏ ਗਏ ਇੱਕ ਵਿਸ਼ੇਸ਼ ਕੈਂਪ ਵਿੱਚ ਕੋਵਿਡ-19 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਥੇ ਯਾਤਰੀਆਂ ਦੇ ਨਮੂਨੇ ਲਏ ਗਏ। ਉਥੇ ਹੀ ਸਪੇਰੇ ਨੂੰ ਵੀ ਕੋਵਿਡ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ ਪਰ ਉਸਨੇ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਹ ਕਦੇ ਵੀ ਇਸ ਮਹਾਮਾਰੀ ਤੋਂ ਇਨਫੈਕਟਿਡ ਨਹੀਂ ਹੋ ਸਕਦਾ ਕਿਉਂਕਿ ਉਹ ਖੁਦ ਲੋਕਾਂ ਨੂੰ ਇਸ ਤੋਂ ਸੁਰੱਖਿਅਤ ਰਹਿਣ ਲਈ ਦੇਸੀ ਦਵਾਈਆਂ ਦਿੰਦਾ ਹੈ। ਸਪੇਰੇ ਵੱਲੋਂ ਨਾਂਹ ਕਰਨ ’ਤੇ ਸਿਹਤ ਟੀਮਾਂ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਉਸ ਦੇ ਸੈਂਪਲ ਲਏ ਗਏ, ਜਿਸ ਵਿੱਚ ਉਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ। ਪੁਸ਼ਟੀ ਹੋਣ ਤੋਂ ਬਾਅਦ, ਸਿਹਤ ਟੀਮਾਂ ਨੇ ਉਸਨੂੰ ਘਰ ਵਿੱਚ ਕੁਆਰੰਟੀਨ ਕਰਨ ਲਈ ਨਿਰਦੇਸ਼ ਦਿੱਤਾ।