Corona on the rise in Chandigarh : ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ, ਜਿਸ ਦੇ ਚੱਲਦਿਆਂ ਸ਼ਹਿਰ ਵਿੱਚ ਹੁਣ ਦੁਬਾਰਾ ਸਖਤੀ ਹੋ ਸਕਦੀ ਹੈ। ਦਿੱਲੀ ਦੀ ਤਰਜ਼ ‘ਤੇ ਚੰਡੀਗੜ੍ਹ ਪ੍ਰਸ਼ਾਸਨ ਮਾਸਕ ਨਾ ਪਾਉਣ’ ਤੇ 500 ਰੁਪਏ ਤੋਂ ਵਧਾ ਕੇ 2000 ਰੁਪਏ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ। ਪ੍ਰਬੰਧਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਇਸ ਗੱਲ ਦਾ ਇਸ਼ਾਰਾ ਦਿੱਤਾ ਹੈ ਕਿ ਕਿ ਸ਼ਹਿਰ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨ ਰੌਕ ਗਾਰਡਨ ਨੂੰ ਦੁਬਾਰਾ ਬੰਦ ਕੀਤਾ ਜਾ ਸਕਦਾ ਹੈ, ਕਿਉਂਕਿ ਲੋਕ ਗਾਰਡਨ ਦੇ ਅੰਦਰ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਹੇ ਹਨ।
ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਲੋਕ ਬਹੁਤ ਲਾਪਰਵਾਹ ਹੋ ਗਏ ਹਨ, ਇਸ ਲਈ ਸ਼ਹਿਰ ਵਿੱਚ ਇਨਫੈਕਸ਼ਨ ਦੀ ਦਰ ਨੂੰ ਰੋਕਣ ਲਈ ਕੁਝ ਵਿਸ਼ੇਸ਼ ਸਖਤੀ ਵਰਤਣੀ ਪਏਗੀ। ਪਰੀਦਾ ਨੇ ਕਿਹਾ ਕਿ ਇਹ ਕੋਰੋਨਾ ਦੀ ਇਨਫੈਕਸ਼ਨ ਦਿੱਲੀ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ, ਇਸ ਲਈ ਦਿੱਲੀ ਤੋਂ ਆਉਣ ਵਾਲੇ ਲੋਕਾਂ ਲਈ ਇੱਕ ਕੋਰੋਨਾ ਦੀ ਜਾਂਚ ਲਾਜ਼ਮੀ ਕੀਤੀ ਜਾ ਸਕਦੀ ਹੈ। ਦਿੱਲੀ ‘ਚ ਮਾਸਕ ਨਾ ਪਾਉਣ’ ਤੇ ਜੁਰਮਾਨੇ ਦੀ ਰਕਮ ਵਧਾ ਦਿੱਤੀ ਗਈ ਹੈ। ਜੇ ਇਨਫੈਕਸ਼ਨ ਦੀ ਦਰ ਇਹੀ ਰਹਿੰਦੀ ਹੈ ਤਾਂ ਚੰਡੀਗੜ੍ਹ ਵਿਚ ਵੀ ਅਜਿਹਾ ਕੀਤਾ ਜਾ ਸਕਦਾ ਹੈ, ਤਾਂਕਿ ਲੋਕ ਲਾਪਰਵਾਹੀ ਨਾ ਕਰਨ।
ਦੱਸਣਯੋਗ ਹੈ ਕਿ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। 2 ਨਵੰਬਰ ਨੂੰ, ਸ਼ਹਿਰ ਵਿੱਚ ਸਿਰਫ 593 ਸਰਗਰਮ ਕੋਰੋਨਾ ਕੇਸ ਸਨ। ਉਸ ਸਮੇਂ ਇਨਫੈਕਸ਼ਨ ਦੀ ਦਰ ਵੀ ਘੱਟ ਗਈ ਸੀ ਪਰ ਲੋਕਾਂ ਦੀ ਅਣਗਹਿਲੀ ਕਾਰਨ ਹੁਣ ਸਰਗਰਮ ਮਾਮਲੇ ਦੁੱਗਣੇ ਹੋ ਗਏ ਹਨ। ਅਕਤੂਬਰ ਵਿੱਚ ਮਾਮਲਿਆਂ ਦੀ ਘੱਟ ਗਿਣਤੀ ਹੋਣ ਕਰਕੇ ਤਿਉਹਾਰਾਂ ਦੌਰਾਨ ਲੋਕਾਂ ਨੇ ਕੋਵਿਡ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕੀਤੀ, ਇਸ ਲਈ ਕੇਸ ਵੱਧਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਸ਼ਹਿਰ ਵਿੱਚ ਕੋਰੋਨਾ ਦੇ 150 ਨਵੇਂ ਮਾਮਲੇ ਸਾਹਮਣੇ ਆਏ ਸਨ। ਬੀਤੇ ਦਿਨ ਜਾਰੀ ਅੰਕੜਿਆਂ ਮੁਤਾਬਕ ਇਸ ਵੇਲੇ ਸ਼ਹਿਰ ਵਿੱਚ 1121 ਮਾਮਲੇ ਐਕਟਿਵ ਹਨ, ਜਦਕਿ 255 ਲੋਕ ਇਸ ਮਹਾਮਾਰੀ ਨਾਲ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਉਥੇ ਹੀ ਹੁਣ ਤੱਕ 16472 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਜਾ ਚੁੱਕੀ ਹੈ।