corona-positive patient : ਜਿਲ੍ਹਾ ਸੰਗਰੂਰ ਦੇ ਸੁਨਾਮ ਊਧਮ ਸਿੰਘ ਵਾਲਾ ਵਿਖੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਕੋਰੋਨਾ ਪੀੜਤ ਮਰੀਜ਼ ਹਸਪਤਾਲ ਤੋਂ ਭੱਜ ਗਿਆ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਵਿਖੇ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਆਏ ਬਹੁਤ ਸਾਰੇ ਵਿਅਕਤੀਆਂ ਨੂੰ ਕੁਆਰੰਟਾਈਨ ਕੀਤਾ ਗਿਆ ਸੀ। ਉਨ੍ਹਾਂ ਦੇ ਸੈਂਪਲ ਲੈਬ ਵਿਚ ਭੇਜੇ ਗਏ ਸਨ ਤੇ ਅੱਜ ਉਨ੍ਹਾਂ ਦੀ ਰਿਪੋਰਟ ਆਉਣੀ ਹੈ।
ਅੱਜ ਸਵੇਰੇ ਮਿਲੀ ਸੂਚਨਾ ਮੁਤਾਬਕ ਉਥੋਂ ਇਕ ਵਿਅਕਤੀ ਭੱਜ ਗਿਆ ਜਿਸ ਦੀ ਰਿਪੋਰਟ ਪਾਜੀਟਿਵ ਆਈ ਸੀ। ਬਾਅਦ ਵਿਚ ਸਿਹਤ ਵਿਭਾਗ ਤੇ ਪੁਲਿਸ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਇਹ ਜਾਣਕਾਰੀ ਡੀ. ਐੱਸ. ਪੀ. ਸੁਖਵਿੰਦਰ ਪਾਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਸਿਰਫ 2 ਘੰਟੇ ਵਿਚ ਹੀ ਮਰੀਜ਼ ਨੂੰ ਫੜ ਲਿਆ। ਹੁਣ ਉਨ੍ਹਾਂ ਵਿਅਕਤੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਉਸ ਵਿਅਕਤੀ ਦੇ ਸੰਪਰਕ ਵਿਚ ਆਏ ਸਨ ਤਾਂ ਜੋ ਉਨ੍ਹਾਂ ਦੇ ਵੀ ਟੈਸਟ ਲੈ ਕੇ ਲੈਬ ਵਿਚ ਭੇਜੇ ਜਾ ਸਕਣ। ਭਾਵੇਂ ਬਾਅਦ ਵਿਚ ਪੁਲਿਸ ਤੇ ਸਿਹਤ ਵਿਭਾਗ ਦੀ ਮਦਦ ਨਾਲ ਮਰੀਜ਼ ਨੂੰ ਫੜ ਲਿਆ ਗਿਆ ਪਰ ਉਸ ਦਾ ਉਥੋਂ ਭੱਜ ਜਾਣਾ ਸੁਰੱਖਿਆ ‘ਤੇ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ।
ਪੰਜਾਬ ਵਿਚ ਕਰਫਿਊ ਵਿਚ ਥੋੜ੍ਹੀ ਜਿਹੀ ਢਿੱਲ ਦਿੱਤੀ ਗਈ ਹੈ ਪਰ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਹ ਵੀ ਹਦਾਇਤ ਦਿੱਤੀ ਹੈ ਕਿ ਉਹ ਇਸ ਢਿੱਲ ਦਾ ਗਲਤ ਫਾਇਦਾ ਨਾ ਚੁੱਕਣ ਅਤੇ ਪ੍ਰਸ਼ਾਸਨ ਵਲੋਂ ਬਣਾਏ ਨਿਯਮਾਂ ਦੀ ਪਾਲਣਾ ਸਹੀ ਤਰੀਕੇ ਨਾਲ ਕਰਨ। ਨਹੀਂ ਤਾਂ ਕੋਰੋਨਾ ਵਾਇਰਸ ਦੇ ਵਧਦੇ ਮਰੀਜਾਂ ਦੀ ਗਿਣਤੀ ਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਵੇਗਾ।