Corona positive prisoner escaped : ਜਲੰਧਰ ’ਚ ਸਿਵਲ ਹਸਪਤਾਲ ਤੋਂ ਭੱਜਿਆ ਕੋਰੋਨਾ ਪਾਜ਼ੀਟਿਵ ਕੈਦੀ ਵੀਰਵਾਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਦੱਸਣਯੋਗ ਹੈ ਕਿ ਉਹ 15 ਦਿਨ ਪਹਿਲਾਂ ਸਿਵਲ ਹਸਪਤਾਲ ਵਿੱਚ ਪਾਣੀ ਪੀਣ ਦੇ ਬਹਾਣੇ ਨਿਕਲਿਆ ਅਤੇ ਫਿਰ ਕੁੰਡੀ ਤੋੜ ਕੇ ਸੀਵਰੇਜ ਦੀ ਪਾਈਪ ਦੇ ਸਹਾਰੇ ਉਤਰ ਕੇ ਫਰਾਰ ਹੋ ਗਿਆ ਸੀ। ਦਿਹਾਤ ਪੁਲਿਸ ਦੇ ਸੀਆਈਏ ਸਟਾਫ ਨੇ ਉਸ ਦੇ ਨਾਲ-ਨਾਲ ਉਸ ਨੂੰ ਪਨਾਹ ਦੇਣ ਵਾਲੇ ਗੋਰਾਇਆ ਦੇ ਇਕ ਹੋਰ ਵਿਅਕਤੀ ਨੂੰ ਫੜਿਆ ਹੈ। ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਰੂਰਲ ਪੁਲਿਸ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਨਕੋਦਰ ਦੇ ਪਿੰਡ ਮੱਲੀਆਂ ਕਲਾਂ ਦਾ ਰਹਿਣ ਵਾਲਾ ਸੁਖਬੀਰ ਸਿੰਘ ਉਰਫ ਸਾਬੀ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਨਸ਼ਾ ਸਮੱਗਲਿੰਗ ਦੇ ਕੇਸ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਸੀ। ਕੋਰੋਨਾ ਇਨਫੈਕਸ਼ਨ ਕਾਰਨ ਉਸ ਨੂੰ 9 ਅਗਸਤ ਨੂੰ ਸਿਵਲ ਹਸਪਤਾਲ ਜਲੰਧਰ ਵਿੱਚ ਦਾਖਲ ਕਰਵਾਇਆ ਗਿਆ ਸੀ। 19 ਅਗਸਤ ਨੂੰ ਸਾਬੀ ਆਪਣੇ ਕਮਰੇ ਦੇ ਸਾਹਮਣੇ ਵਾਲੇ ਕਮਰੇ ਵਿੱਚ ਪਾਣੀ ਲੈਣ ਲਈ ਗਿਆ ਅਤੇ ਉਥੋਂ ਦਰਵਾਜ਼ੇ ਦੀ ਕੁੰਡੀ ਤੋੜ ਕੇ ਸੀਵਰੇਜ ਦੀਆਂ ਪਾਈਪਾਂ ਤੋਂ ਉਤਰਦੇ ਹੋਏ ਫਰਾਰ ਹੋ ਗਿਆ।
ਉਸ ਖਿਲਾਫ ਥਾਣਾ ਡਵੀਜ਼ਨ-4 ਵਿੱਚ ਮਾਮਲਾ ਦਰਜ ਕਰਕੇ ਗ੍ਰਿਫਤਾਰੀ ਲਈ ਸੀਆਈਏ ਸਟਾਫ ਨੂੰ ਹੁਕਮ ਦਿੱਤੇ ਗਏ ਸਨ। ਸੀਆਈਏ ਨੇ ਦੋਸ਼ੀ ਨੂੰ ਪਿੰਡ ਪੱਦੀ ਜਾਗੀਰ ਵਿੱਚ ਪ੍ਰਿੰਸ ਦੇ ਘਰੋਂ ਗ੍ਰਿਫਤਾਰ ਕਰ ਲਿਾ। ਅਗਲੀ ਕਾਰਵਾਈ ਲਈ ਦੋਸ਼ੀ ਨੂੰ ਥਾਣਾ ਡਵੀਜ਼ਨ ਚਾਰ ਦੇ ਐੱਸਐੱਚਓ ਰਸ਼ਪਾਲ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਖਬੀਰ ਸਾਬੀ ਖਿਲਾਫ ਸੱਤ ਮਾਮਲੇ ਚੱਲ ਰਹੇ ਹਨ। ਇਨ੍ਹਾਂ ਵਿੱਚ ਮਾਰਕੁੱਟ ਦੇ ਨਾਲ ਪੰਜ ਕੇਸ ਨਸ਼ਾ ਸਮੱਗਲਿੰਗ ਦੇ ਹਨ। ਪੁਲਿਸ ਨੇ ਦੋਵੇਂ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।