Corona Testing Lab opened : ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦੇਸ਼ ਦੀ ਪਹਿਲੀ ਕੋਰੋਨਾ ਟੈਸਟਿੰਗ ਲਈ ਅਤਿ ਆਧੁਨਿਕ ਟੀਬੀ ਲੀਕੁਐਡ ਕਲਚਰ ਐਂਡ ਡੀਐਸਟੀ ਬਾਇਓਲੋਜੀ ਲੈਬ ਖੋਲ੍ਹੀ ਗਈ ਹੈ, ਜਿਸ ਦਾ ਉਦਘਾਟਨ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਮੈਡੀਕਲ ਖੋਜ ਤੇ ਸਿੱਖਿਆ ਓਪੀ ਸੋਨੀ ਵੱਲੋਂ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਲੈਬ ਵਿਚ ਇਕ ਦਿਨ ਵਿਚ ਤਿੰਨ ਹਜ਼ਾਰ ਟੈਸਟ ਹੋਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਇਸ ਦੀ ਸੈਂਪਲਿੰਗ,ਟੈਸਟਿੰਗ ਅਤੇ ਮਰੀਜ਼ਾਂ ਦੇ ਇਲਾਜ ਲਈ ਵੱਡੇ ਪੱਧਰ ’ਤੇ ਕੰਮ ਜਾਰੀ ਹੈ ਤੇ ਸੂਬੇ ਵਿਚ ਕੋਰੋਨਾ ਮਰੀਜ਼ਾਂ ਦੇ ਟੈਸਟਾਂ ਦੀ ਸਮਰੱਥਾ ਵਧਾਉਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਅਤਿ ਆਧੁਨਿਕ ਲੈਬਾਂ ਸਥਾਪਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਲੱਗਣ ਵਾਲੀਆਂ ਇਹ ਆਪਣੀ ਕਿਸਮ ਦੀਆਂ ਪਹਿਲੀਆਂ ਅਤਿ ਆਧੁਨਿਕ ਕੋਰੋਨਾ ਟੈਸਟਿੰਗ ਲੈਬਜ਼ ਹਨ ਜਿਨਹਾਂਵਿਚ ਕੋਰੋਨਾ ਬੀਮਾਰੀ ਦਾ ਟੈਸਟ ਅਤਿ-ਆਧੁਨਿਕ ਤਕਨੀਕਾਂ ਨਾਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸੁਰੱਖਿਅਤ ਲੈਬਾਂ ਵਿਚ ਕੰਮ ਕਰਦੇ ਸਟਾਫ ਨੂੰ ਵੀ ਕੋਰੋਨਾ ਦੀ ਇਨਫੈਕਸ਼ਨ ਦਾ ਖਤਰਾ ਨਹੀਂ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਲੈਬਾਂ ਦੀ ਸਥਾਪਨਾ ਨਾਲ ਸੂਬੇ ਵਿਚ ਰੋਜ਼ਾਨਾ 9 ਹਜ਼ਾਰ ਦੇ ਕਰੀਬ ਟੈਸਟਿੰਗ ਸਮਰੱਥਾ ਹੋ ਜਾਵੇਗੀ। ਇਕ ਲੈਬ ਵਿਚ ਤਿੰਨ ਹਜ਼ਾਰ ਦੇ ਕਰੀਬ ਟੈਸਟ ਹੋ ਸਕਦੇ ਹਨ ਤੇ ਤਿੰਨਾਂ ਲੈਬਾਂ ਦੀ ਸਮਰੱਥਾ ਨੂੰ ਮਿਲਾ ਕੇ ਸੂਬੇ ਵਿਚ 9 ਹਜ਼ਾਰ ਟੈਸਟ ਰੋਜ਼ਾਨਾ ਹੋ ਸਕਣਗੇ, ਜਦਕਿ ਪਹਿਲਾਂ ਇਕ ਦਿਨ ਵਿਚ ਲੈਬ ਵਿਚ ਸਿਰਫ 1500 ਟੈਸਟ ਹੁੰਦੇ ਸਨ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਟੈਸਟਿੰਗ ਦੇ ਮਾਮਲੇ ਵਿਚ ਦੇਸ਼ ਦਾ ਮੋਹਰੀ ਸੂਬਾ ਬਣ ਜਾਏਗਾ। ਇਸ ਤੋਂ ਪਹਿਲਾਂ ਕੋਰੋਨਾ ਟੈਸਟਾਂ ਲਈ ਸੈਂਪਲ ਪੁਨੇ ਲੈਬਾਰਟਰੀ ਵਿਚ ਭੇਜਣੇ ਪੈਂਦੇ ਸਨ, ਜਿਸ ਨਾਲ ਰਿਪੋਰਟ ਆਉਣ ਵਿਚ 14 ਦਿਨਾਂ ਤੋਂ ਵੀ ਵੱਧ ਦਾ ਸਮਾਂ ਲੱਗ ਜਾਂਦਾ ਸੀ। ਹੁਣ ਇਨ੍ਹਾਂ ਲੈਬਾਂ ਦੇ ਖੁੱਲ੍ਹਣ ਨਾਲ ਉਸੇ ਦਿਨ ਟੈਸਟ ਦੀ ਰਿਪੋਰਟ ਮਿਲ ਸਕੇਗੀ।