Corona three new cases : ਚੰਡੀਗੜ੍ਹ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਸ਼ਹਿਰ ਦੇ ਸੈਕਟਰ 25 ਵਿਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਮੰਗਲਵਾਰ ਨੂੰ ਸੈਕਟਰ-25 ਤੋਂ ਮਿਲੇ ਪਾਜ਼ੀਟਿਵ ਮਰੀਜ਼ ਤੋਂ ਬਾਅਦ ਹੁਣ ਬੁੱਧਵਾਰ ਵੀ ਇਥੋਂ ਤਿੰਨ ਹੋਰ ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਹ ਤਿੰਨੋਂ ਮਰੀਜ਼ ਮੰਗਲਵਾਰ ਨੂੰ ਮਿਲੇ ਪਾਜ਼ੀਟਿਵ ਮਰੀਜ਼ 35 ਸਾਲਾ ਵਿਅਕਤੀ ਦੇ ਪਰਿਵਾਰਕ ਮੈਂਬਰ ਹੀ ਹਨ। ਹੁਣ ਸਿਹਤ ਵਿਭਾਗ ਵੱਲੋਂ ਇਨ੍ਹਾਂ ਪਾਜ਼ੀਟਿਵ ਆਏ ਵਿਅਕਤੀਆਂ ਦੀ ਲਿਸਟ ਤਿਆਰ ਕਰਕੇ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਦੱਸਮਯੋਗ ਹੈ ਕਿ ਇਹ ਵਿਅਕਤੀ ਸੈਕਟਰ-35 ਸਥਿਤ ਪੰਜਾਬ ਗੌਰਮਿੰਟ ਦਫਤਰ ਵਿਚ ਕੰਮ ਕਰਦਾ ਹੈ। ਚਾਰ ਜੂਨ ਨੂੰ ਉਹ ਆਖਰੀ ਵਾਰ ਆਫਿਸ ਗਿਆ ਸੀ। ਆਫਿਰ ਵਿਚ ਉਸ ਦੇ ਸੰਪਰਕ ਵਿਚ 18 ਲੋਕ ਸਨ। ਇਨ੍ਹਾਂ ਸਾਰਿਆਂ ਦੇ ਵੀ ਸੈਂਪਲ ਲਏ ਜਾ ਰਹੇ ਹਨ।
ਦੱਸ ਦੇਈਏ ਕਿ ਸ਼ਹਿਰ ਵਿਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 368 ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 6 ਲੋਕ ਇਸ ਮਹਾਮਾਰੀ ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਉਥੇ ਹੀ 302 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਸ਼ਹਿਰ ਵਿਚ ਕੁਲ 60 ਐਕਟਿਵ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਚੰਡੀਗੜ੍ਹ ਵਿਚ ਕੋਰੋਨਾ ਦੇ ਸੱਤ ਮਾਮਲੇ ਸਾਹਮਣੇ ਆਏ ਸਨ।
ਉੱਤਰ ਪ੍ਰਦੇਸ਼ ਤੋਂ ਵਿਆਹ ਤੋਂ ਪਰਤੇ ਖੁੱਡਾ ਅਲੀਸ਼ੇਰ ਦੇ ਜੋੜੇ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਉਸ ਦੇ ਪਰਿਵਾਰ ਦੇ 74 ਸਾਲਾ ਬਜ਼ੁਰਗ ਵਿਅਕਤੀ, 55 ਸਾਲਾ ਔਰਤ ਅਤੇ ਦੋ ਸਾਲ ਦੇ ਬੱਚੇ ਵਿਚ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਤਰ੍ਹਾਂ ਸੈਕਟਰ-41 ਵਿਚ 22 ਸਾਲਾ ਮੁਟਿਆਰ ਅਤੇ 54 ਸਾਲਾ ਔਰਤ ਵੀ ਇਨਫੈਕਸ਼ਨ ਦੀ ਲਪੇਟ ਵਿਚ ਆ ਚੁੱਕੀਆਂ ਹਨ, ਇਨ੍ਹਾਂ ਦੇ ਪਰਿਵਾਰ ਵਾਲੇ ਵੀ ਪਹਿਲਾਂ ਤੋਂ ਹੀ ਪਾਜ਼ੀਟਿਵ ਪਾਏ ਗਏ ਸਨ। ਛੇਵਾਂ ਕੇਸ ਬਾਪੂਧਾਮ ਕਾਲੋਨੀ ਤੋਂ 12 ਸਾਲਾ ਬੱਚੇ ਦਾ ਆਇਆ ਸੀ। ਇਹ ਵੀ ਆਪਣੇ ਪਰਿਵਾਰ ਦੇ ਪਾਜ਼ੀਟਿਵ ਆਉਣ ਨਾਲ ਇਸ ਦੀ ਲਪੇਟ ਵਿਚ ਆਇਆ। ਉਥੇ ਹੀ ਬਾਪੂਧਾਮ ਕਾਲੋਨੀ ਦੀ 80 ਸਾਲਾ ਔਰਤ ਕੋਰੋਨਾ ਨੂੰ ਮਾਤ ਦੇ ਕੇ ਪੀਜੀਆਈ ਤੋਂ ਡਿਸਚਾਰਜ ਹੋ ਕੇ ਪੋਸਟ ਡਿਸਚਾਰਜ ਕੁਆਰੰਟਾਈਨ ਸੈਂਟਰ ਸੂਦ ਧਰਮਸ਼ਾਲਾ ਪਹੁੰਚੀ।