Corona’s impact on the state’s revenue : ਚੰਡੀਗੜ੍ਹ : ਪੰਜਾਬ ਵਿੱਚ ਕੋਵਿਡ-19 ਸੰਕਟ ਦੇ ਚੱਲਦਿਆਂ ਅਗਸਤ 2020 ਮਹੀਨੇ ਦੌਰਾਨ ਕੁੱਲ ਜੀ.ਐਸ.ਟੀ. ਮਾਲੀਆ 987.20 ਕਰੋੜ ਰੁਪਏ ਰਿਹਾ, ਜਦਕਿ ਪਿਛਲੇ ਸਾਲ ਇਸੇ ਮਹੀਨੇ ਦਾ ਕੁੱਲ ਜੀ.ਐਸ.ਟੀ. ਮਾਲੀਆ 1014.03 ਕਰੋੜ ਸੀ, ਜੋ ਕਿ ਇਸ ਸਾਲ 2.64 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਦੱਸਣਯੋਗ ਹੈ ਕੋਰੋਨਾ ਮਹਾਮਾਰੀ ਕਾਰਨ ਟੈਕਸਦਾਤਾਵਾਂ ਨੂੰ ਪਿਛਲੇ ਮਹੀਨਿਆਂ ਦੀ ਰਿਟਰਨ ਭਰਨ ਲਈ ਰਾਹਤ ਪ੍ਰਦਾਨ ਕੀਤੀ ਗਈ ਸੀ ਅਤੇ ਪਿਛਲੇ ਸਾਲ 5 ਕਰੋੜ ਤੋਂ ਘੱਟ ਟਰਨ ਓਵਰ ਵਾਲੇ ਟੈਕਸ ਦਾਤਾਵਾਂ ਨੂੰ ਸਤੰਬਰ 2020 ਤੱਕ ਰਿਟਰਨ ਭਰਨ ਵਿੱਚ ਛੋਟ ਦਿੱਤੀ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਟੈਕਸ ਕਮਿਸ਼ਨਰ ਦਫਤਰ ਦੇ ਇੱਕ ਬੁਲਾਰੇ ਵੱਲੋਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਅਪ੍ਰੈਲ ਤੋਂ ਅਗਸਤ 2020 ਦੌਰਾਨ 31.05 ਫੀਸਦੀ ਗਿਰਾਵਟ ਨਾਲ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 3630.48 ਕਰੋੜ ਰੁਪਏ ਸੀ, ਜੋਕਿ ਪਿਛਲੇ ਸਾਲ ਇਹ ਮਾਲੀਆ 5266.06 ਕਰੋੜ ਰੁਪਏ ਸੀ। ਉਥੇ ਅਗਸਤ 2020 ਦੇ ਮਹੀਨੇ ਸੁਰੱਖਿਅਤ ਮਾਲੀਆ 2403 ਕਰੋੜ ਹੈ ਜਿਸ ਵਿੱਚੋਂ ਪੰਜਾਬ ਸੂਬੇ ਨੇ 987.20 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜੋ ਕਿ ਕੁੱਲ ਸੁਰੱਖਿਅਤ ਮਾਲੀਏ ਦਾ 41.08 ਫੀਸਦੀ ਬਣਦਾ ਹੈ। ਇਸ ਤਰ੍ਹਾਂ ਅਗਸਤ 2020 ਦੇ ਮਹੀਨੇ ਲਈ ਬਕਾਇਆ ਮੁਆਵਜ਼ੇ ਦੀ ਰਕਮ 1415.8 ਕਰੋੜ ਹੈ ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਈ। ਇਸੇ ਤਰ੍ਹਾਂ ਅਪਰੈਲ ਤੋਂ ਜੁਲਾਈ 2020 ਦੇ ਸਮੇਂ ਦੌਰਾਨ ਮੁਆਵਜ਼ੇ ਦੀ ਰਕਮ 6965 ਕਰੋੜ ਰੁਪਏ ਹੈ, ਜੋ ਕਿ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ। ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਸੰਗ੍ਰਹਿ ਅਗਸਤ 2020 ਦੇ ਮਹੀਨੇ ਦੌਰਾਨ 86, 449 ਕਰੋੜ ਰੁਪਏ ਹੈ, ਜਦੋਂ ਕਿ ਅਗਸਤ 2019 ਦੇ ਮਹੀਨੇ ਦੌਰਾਨ ਇਹ ਮਾਲੀਆ 98, 202 ਕਰੋੜ ਰੁਪਏ ਇਕੱਤਰ ਹੋਇਆ। ਅਗਸਤ 2020 ਮਹੀਨੇ ਦੌਰਾਨ ਰਾਸ਼ਟਰੀ ਕੁੱਲ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਇਕੱਤਰ ਹੋਏ ਜੀ.ਐਸ.ਟੀ. ਮਾਲੀਏ ਦਾ 88 ਫੀਸਦੀ ਹੈ। ਇਸ ਤੋਂ ਇਲਾਵਾ ਆਯਾਤ ਦੀਆਂ ਵਸਤਾਂ ਤੇ ਘਰੇਲੂ ਲੈਣ-ਦੇਣ ਤੋਂ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਇਸੇ ਮਹੀਨੇ ਦੇ ਅੰਕੜਿਆਂ ਦਾ ਕ੍ਰਮਵਾਰ 77 ਫੀਸਦੀ ਤੇ 92 ਫੀਸਦੀ ਰਿਹਾ ਹੈ।
ਅਪਰੈਲ ਤੋਂ ਅਗਸਤ 2020 ਦੇ ਸਮੇਂ ਦੌਰਾਨ ਕੁੱਲ ਰਾਸ਼ਟਰੀ ਜੀ.ਐਸ.ਟੀ. ਮਾਲੀਏ ਵਿਚ 30 ਫੀਸਦੀ ਦੀ ਗਿਰਾਵਟ ਨਾਲ ਪਿਛਲੇ ਸਾਲ ਦੇ ਇਸੇ ਪੀਰੀਅਡ ਦੇ ਕੁੱਲ ਜੀ.ਐਸ.ਟੀ. ਮਾਲੀਆ 5, 14, 377 ਕਰੋੜ ਰੁਪਏ ਦੇ ਮੁਕਾਬਲੇ 3, 59, 111 ਕਰੋੜ ਰੁਪਏ ਰਿਹਾ। ਅਗਸਤ 2020 ਦੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਦੀ ਕੁਲੈਕਸ਼ਨ 539.44 ਕਰੋੜ ਹੈ, ਜਦੋਂ ਕਿ ਅਗਸਤ 2019 ਦੇ ਮਹੀਨੇ ਲਈ ਇਹ ਕਲੈਕਸ਼ਨ 394.14 ਕਰੋੜ ਸੀ। ਅਗਸਤ ਮਹੀਨੇ ਦਾ ਮਾਲੀਆ ਪਿਛਲੇ ਸਾਲ ਦੇ ਇਸੇ ਮਹੀਨੇ ਵਿੱਚ ਵੈਟ ਅਤੇ ਸੀ.ਐਸ.ਟੀ. ਮਾਲੀਏ ਨਾਲੋਂ 26.78 ਫੀਸਦੀ ਵੱਧ ਹੈ। ਅਪਰੈਲ ਤੋਂ ਅਗਸਤ 2020 ਲਈ ਵੈਟ ਅਤੇ ਸੀ.ਐਸ.ਟੀ. ਕੁੱਲ ਮਾਲੀਆ 2032.75 ਕਰੋੜ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਇਸੇ ਪੀਰੀਅਡ ਲਈ 2397.15 ਕਰੋੜ ਸੀ, ਜੋ ਕਿ 15.20 ਫੀਸਦੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ। ਪਰ ਅਗਸਤ 2020 ਵਿਚ ਜੀ.ਐਸ.ਟੀ., ਵੈਟ ਤੇ ਸੀ.ਐਸ.ਟੀ. ਦੀ 2020 ਦੌਰਾਨ ਟੈਕਸ ਦੀ ਉਗਰਾਹੀ 118.47 ਕਰੋੜ ਰੁਪਏ ਵੱਧ ਰਹੀ, ਜੋਕਿ ਇਸ ਸਾਲ 1526.54 ਕਰੋੜ ਰੁਪਏ ਰਹੀ, ਜਦਕਿ ਬੀਤੇ ਸਾਲ ਅਗਸਤ ਵਿੱਚ ਇਹ 1408.17 ਕਰੋੜ ਰੁਪਏ ਸੀ।