Covid-19 team arrives : ਪਾਤੜਾਂ ਅਧੀਨ ਪੈਂਦੇ ਪਿੰਡ ਖਾਂਗ ਵਿਚ ਐਤਵਾਰ ਦੇਰ ਸ਼ਾਮ ਕੋਰੋਨਾ ਪਾਜ਼ੀਟਿਵ ਗਰਭਵਤੀ ਔਰਤ ਨੂੰ ਆਈਸੋਲੇਟ ਕਰਨ ਪਹੁੰਚੀ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ’ਤੇ ਪਿੰਡ ਦੇ ਲੋਕਾਂ ਨੇ ਹਮਲਾ ਕਰ ਦਿੱਤਾ। ਟੀਮ ’ਤੇ ਇੱਟ-ਪੱਥਰ ਵੀ ਚਲਾਏ ਗਏ। ਇਸ ਵਿਚ ਹੈੱਡ ਕਾਂਸਟੇਬਲ ਰਾਮਫਲ ਸਿੰਘ ਅਤੇ ਏਐਸਆਈ ਜਸਵੰਤ ਸਿੰਘ ’ਤੇ ਹਮਲਾ ਕਰ ਦਿੱਤਾ। ਦੋਵੇਂ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
ਇਸ ਮਾਮਲੇ ਵਿਚ ਪੁਲਿਸ ਨੇ ਲਗਭਗ 40 ਲੋਕਾਂ ’ਤੇ ਇਰਾਦਾ ਕਤਲ ਅਤੇ ਕੋਵਿਡ ਦੇ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਧਾਰਾਵਾਂ ਵਿਚ ਕੇਸ ਦਰਜ ਕੀਤਾ ਹੈ। ਲੋਕਾਂ ਨੂੰ ਭੜਕਾਉਣ ਦੇ ਦੋਸ਼ ਵਿਚ ਪੁਲਿਸ ਨੇ ਪੁਜਾਰੀ ਗਰੀਬ ਦਾਸ ਨੂੰ ਗ੍ਰਿਫਤਾਰ ਕੀਤਾ ਹੈ। ਟੀਮ ਨੇ ਬਾਬੇ ਦਾ ਸੋਮਵਾਰ ਨੂੰ ਕੋਰੋਨਾ ਟੈਸਟ ਕਰਵਾਇਆ। ਬਾਬਾ ਗਰੀਬ ਦਾਸ, ਗਾਮਾ ਰਾਮ, ਦਰਸ਼ਨ ਰਾਮ, ਗਹਿਨੀ ਰਾਮ, ਜੀਤਾ ਰਾਮ, ਬੇਅੰਤ ਰਾਮ, ਸੰਦੀਪ ਰਾਮ, ਜੱਜ ਰਾਮ, ਮਿੱਠੂ ਰਾਮ ਸਣੇ 32 ਅਣਪਛਾਤੇ ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੀਐਸਚੀ ਦੀ ਡਾਕਟਰ ਸੁਮਨ ਦੀ ਸੂਚਨਾ ’ਤੇ ਰਾਤ 8 ਵਜੇ ਪਿੰਡ ਪਹੁੰਚੀ ਟੀਮ ’ਤੇ ਲੋਕਾਂ ਨੇ ਕ੍ਰਿਪਾਣ ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਇਨ੍ਹਾਂ ਨੂੰ ਬਾਬਾ ਗਰੀਬਦਾਸ ਨੇ ਭੜਕਾਇਆ ਸੀ। ਹੈੱਡ ਕਾਂਸਟੇਬਲ ਦੇ ਮੂੰਹ ਅਤੇ ਨੱਕ ’ਤੇ ਸੱਟਾਂ ਆਈਆਂ। ਏਐਸਆਈ ਜਸਵੰਤ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ। ਬਾਬੇ ਦੇ ਅਰੈਸਟ ਕਰਨ ਦੇ ਵਿਰੋਧ ਵਿਚ ਦਿਹਾਤੀਆਂ ਨੇ ਧਰਨਾ ਦਿੱਤਾ। ਥਾਣਾ ਪਾਤੜਾਂ ਇੰਚਾਰਜ ਦਰਬਾਰਾ ਸਿੰਘ ਨੇ ਦੱਸਿਆ ਕਿ ਔਰਤ ਨੂੰ ਹਸਪਤਾਲ ਵਿਚ ਆਈਸੋਲੇਟ ਕਰਵਾਉਣਾ ਸੀ। ਟੀਮ ਪਹੁੰਚੀ ਤਾਂ ਬਾਬਾ ਗਰੀਬਦਾਸ ਦੇ ਕਹਿਣ ’ਤੇ ਲੋਕਾਂ ਨੇ ਹਮਲਾ ਕਰ ਦਿੱਤਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਕੁਝ ਅਨਸਰਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੋਵਿਡ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਗੁੰਮਰਾਹ ਕਰਨ ਵਾਲੇ ਲੋਕਾਂ ’ਤੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਅਤੇ ਲੋਕਾਂ ਨੂੰ ਅਜਿਹੀਆਂ ਅਫਵਾਹਾਂ ‘ਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਮਾਮਲੇ ਵਿਚ ਪਟਿਆਲਾ ਤੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।