Covid patient reported : ਮੋਹਾਲੀ ਵਿੱਚ ਸੈਕਟਰ-69 ਦੇ ਇਕ ਨਿੱਜੀ ਹਸਪਤਾਲ ਦੀ ਸ਼ਨੀਵਾਰ ਨੂੰ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਸ਼ਨੀਵਾਰ ਸਵੇਰੇ ਇਕ ਇਲਾਜ ਲਈ ਆਏ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਪਰਿਵਾਰ ਨੂੰ ਹਸਪਤਾਲ ਪ੍ਰਸ਼ਾਸਨ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਸੰਬੰਧੀ ਸਾਰੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇ ਦਿੱਤੀ ਅਤੇ ਸੋਸ਼ਲ ਮੀਡੀਆ ’ਤੇ ਵੀ ਸ਼ੋਕ ਸੰਦੇਸ਼ ਤੱਕ ਪਾ ਦਿੱਤਾ। ਪਰ ਬਾਅਦ ਵਿੱਚ ਜਦੋਂ ਉਹ ਹਸਪਤਾਲ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਰੀਜ਼ ਜ਼ਿੰਦਾ ਹੈ। ਹਸਪਤਾਲ ਦਾ ਇਹ ਕਾਰਨਾਮਾ ਸਾਰਾ ਦਿਨ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ। ਹਾਲਾਂਕਿ ਸ਼ਾਮ ਨੂੰ ਲਗਭਗ 6 ਵਜੇ ਹਸਪਤਾਲ ਵੱਲੋਂ ਮਰੀਜ਼ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ ਹੈ, ਉਨ੍ਹਾਂ ਨੂੰ ਹਾਰਟ ਅਟੈਕ ਆਇਆ ਹੈ। ਇਸ ਤੋਂ ਬਾਅਦ ਪਰਿਵਾਰ ਹਸਪਤਾਲ ਪਹੁੰਚ ਗਿਆ।
ਮਿਲੀ ਜਾਣਕਾਰੀ ਮੁਤਾਬਕ ਫੇਜ਼-5 ਦੇ ਸਾਬਕਾ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਕੋਰੋਨਾ ਪੀੜਤ ਹੋਣ ਕਾਰਨ ਸੈਕਟਰ-69 ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਸੀ। ਢਿੱਲੋਂ ਦੇ ਬੇਟੇ ਸੁਖਲੀਨ ਸਿੰਘ ਢਿੱਲੋਂ ਨੇ ਦੱਸਿਆ ਕਿ ਸਵੇਰੇ ਸਾਢੇ 7 ਵਜੇ ਹਸਪਤਾਲ ਤੋਂ ਡਾਕਟਰ ਦਾ ਫੋਨ ਆਇਆ ਕਿ ਤੁਹਾਡੇ ਪਿਤਾ ਜੀ ਦੀ ਮੌਤ ਹੋ ਗਈ ਹੈ। ਇਸ ’ਤੇ ਪਰਿਵਾਰ ਦੁਖੀ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਨੇੜਲਿਆਂ ਨੂੰ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਾਅਦ ਉਹ ਹਸਪਤਾਲ ਚਲੇ ਗਏ।
ਇਸ ’ਤੇ ਹਸਪਤਾਲ ਮੈਨੇਜਮੈਂਟ ਤੋਂ ਨਾਰਾਜ਼ ਪੀੜਤ ਮ੍ਰਿਤਕ ਦੇ ਪਰਿਵਾਰ ਨੇ ਇਸ ਸੰਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਿਹਤ ਵਿਭਾਗ ਨੂੰ ਇਸ ਮਾਮਲੇ ਦੀ ਉਚਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਹਸਪਤਾਲ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਰਹੇ ਹਨ।