Covid ward of the hospital : ਕੋਰੋਨਾ ਮਹਾਮਾਰੀ ਦੌਰਾਨ ਹਰ ਕੋਈ ਦੀਵਾਲੀ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਹੈ। ਘਰਾਂ ਵਿਚ ਸਫਾਈ ਵੀ ਚੱਲ ਰਹੀ ਹੈ। ਬਾਜ਼ਾਰਾਂ ਵਿੱਚ ਖਰੀਦਦਾਰੀ ਲਈ ਭੀੜ ਵਧ ਰਹੀ ਹੈ। ਹਰ ਕੋਈ ਇਸ ਦੀਵਾਲੀ ਨੂੰ ਆਪਣੇ ਅੰਦਾਜ਼ ਵਿਚ ਕੋਰੋਨਾ ਦੇ ਵਿਚਕਾਰ ਮਨਾ ਰਿਹਾ ਹੈ, ਅਜਿਹੀ ਸਥਿਤੀ ਵਿੱਚ ਫਿਰ ਕੋਰੋਨਾ ਪੀੜਤ ਮਰੀਜ਼ ਇਸ ਤਿਉਹਾਰ ਨੂੰ ਮਨਾਉਣ ਤੋਂ ਕਿਉਂ ਵਾਂਝੇ ਰਹਿਣ। ਇਸੇ ਚੀਜ਼ ਨੂੰ ਧਿਆਨ ਵਿੱਚ ਰਖਦੇ ਹੋਏ ਚੰਡੀਗੜ੍ਹ ਦੇ ਜੀਐਮਐਸਐਚ-16 ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਲਈ ਕੋਵਿਡ ਵਾਰ ਸਜਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕੋਵਿਡ ਵਾਰਡ ਵਿਚ ਦੀਵਾਲੀ ਦੇ ਮੌਕੇ ਰੰਗੋਲੀ ਬਣਾਈ ਜਾ ਰਹੀ ਹੈ। ਹਸਪਤਾਲ ਦੇ ਸਰਜੀਕਲ ਵਾਰਡ ਵਿੱਚ ਨਰਸਿੰਗ ਅਫਸਰ ਦੀ ਮਦਦ ਨਾਲ ਦੀਵਾਲੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਤੇ ਚੱਲ ਰਹੀਆਂ ਹਨ। ਕੋਈ ਲੜੀਆਂ ਲਗਾਉਣ ਵਿੱਚ ਬਿਜ਼ੀ ਹੈ ਤਾਂ ਕੋਈ ਰੰਗੋਲੀ ਬਣਾਉਣ ਵਿੱਚ। ਵਾਰਡ ਦੀ ਇੰਚਾਰਜ ਸ਼ੋਭਨਾ ਪਠਾਨੀਆ ਅਤੇ ਉਨ੍ਹਾਂ ਦੀ ਟੀਮ ਕੋਵਿਡ ਕਾਲ ਦੌਰਾਨ ਮਰੀਜ਼ਾਂ ਦੀ ਦੇਖਭਾਲ ਲਈ ਸ਼ਲਾਘਾਯੋਗ ਸਹਿਯੋਗ ਦੇ ਰਹੀ ਹੈ। ਇਹ ਟੀਮ ਦੀਵਾਲੀ ਮੌਕੇ ਮਰੀਜ਼ਾਂ ਦੀਆਂ ਖੁਸ਼ੀਆਂ ਫਿੱਕੀਆਂ ਨਾ ਹੋਣ, ਇਸ ਦੇ ਲਈ ਕੰਮ ਕਰਦੀ ਨਜ਼ਰ ਆਈ।
ਦੱਸ ਦੇਈਏ ਕਿ ਇਸ ਵੇਲੇ ਹਸਪਤਾਲ ਵਿੱਚ ਕੋਰੋਨਾ ਦੇ 17 ਮਰੀਜ਼ ਦਾਖਲ ਹਨ। ਸ਼ੋਭਨਾ ਦੇ ਵਾਰਡ ਵਿੱਚ ਨੌਂ ਮਰੀਜ਼ ਦਾਖਲ ਹਨ। ਸ਼ੋਭਨਾ ਦਾ ਕਹਿਣਾ ਹੈ ਕਿ ਹਸਪਤਾਲ ਅਤੇ ਮਰੀਜ਼ ਉਸ ਦਾ ਘਰ ਅਤੇ ਪਰਿਵਾਰ ਹਨ। ਉਹ ਹਰ ਪਲ ਮਰੀਜ਼ਾਂ ਦੀ ਤੰਦਰੁਸਤੀ ਅਤੇ ਉਨ੍ਹਾਂ ਦੀ ਖੁਸ਼ੀ ਬਾਰੇ ਸੋਚਦੀ ਹੈ। ਟੀਮ ਵੀ ਇਸ ਕਾਰਜ ਵਿਚ ਭਾਰੀ ਸਹਿਯੋਗ ਕਰਦੀ ਹੈ। ਸ਼ੋਭਨਾ ਦਾ ਕਹਿਣਾ ਹੈ ਕਿ ਤਿਉਹਾਰ ਨੂੰ ਸੱਚਮੁੱਚ ਹੀ ਉਦੋਂ ਸਫਲ ਮੰਨਿਆ ਜਾਂਦਾ ਹੈ ਜਦੋਂ ਦੂਜਿਆਂ ਦੇ ਚਿਹਰਿਆਂ ‘ਤੇ ਖੁਸ਼ੀ ਝਲਕਦੀ ਹੈ। ਹੁਣ ਉਹ ਹਸਪਤਾਲ ਵਿਚ ਦੀਵਾਲੀ ਦੀ ਤਿਆਰੀ ਕਰਕੇ ਮਰੀਜ਼ਾਂ ਦੇ ਚਿਹਰੇ ‘ਤੇ ਮੁਸਕਾਨ ਲਿਆਉਣ ਲਈ ਇਕ ਛੋਟੀ ਜਿਹੀ ਕੋਸ਼ਿਸ਼ ਕਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੋਭਨਾ ਅਤੇ ਉਨ੍ਹਾਂ ਦੀ ਟੀਮ ਨੇ ਸਮਾਜਿਕ ਦੂਰੀ ਅਤੇ ਕੋਰੋਨਾ ਤੋਂ ਸੁਰੱਖਿਆ ਦੇ ਮਾਪਦੰਡਾਂ ਦੀ ਪਾਲਣਾ ਕਰਦਿਆਂ ਹਸਪਤਾਲ ਵਿਚ ਭਰਤੀ ਕੋਰਨਾ ਮਰੀਜ਼ਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਸੀ। ਇਸ ਦੇ ਨਾਲ ਹੀ ਇਥੇ ਯੋਗਾ ਦਿਵਸ ਦਾ ਵੀ ਸਫਲਤਾਪੂਰਵਕ ਆਯੋਜਨ ਕੀਤਾ ਜਾ ਚੁੱਕਾ ਹੈ। ਹਸਪਤਾਲ ਦੇ ਨਰਸਿੰਗ ਸਟਾਫ ਦੇ ਸਹਿਯੋਗ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਇਸ ਬਾਰੇ ਜੀਐਮਐਸਐਚ ਦੇ ਮੈਡੀਕਲ ਸੁਪਰਡੈਂਟ ਡਾ. ਵੀਕੇ ਨਾਗਪਾਲ ਦਾ ਕਹਿਣਾ ਹੈ ਕਿ ਮੈਂ ਸ਼ੋਭਨਾ ਪਠਾਨੀਆ ਨੂੰ ਵਧਾਈ ਦਿੰਦਾ ਹਾਂ। ਉਸਦੀ ਟੀਮ ਅਤੇ ਉਸਦਾ ਕੰਮ ਸੱਚਮੁੱਚ ਸ਼ਲਾਘਾਯੋਗ ਹੈ। ਉਸਨੇ ਆਪਣੇ ਆਪ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹੋਏ ਮਰੀਜ਼ਾਂ ਦੀ ਖੁਸ਼ੀ ਦਾ ਖਿਆਲ ਰੱਖਦਿਆਂ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕੀਤੀ ਹੈ।